1. ਧਰਤੀ ‘ਤੇ ਗੁਰੂ ਨਾਨਕ ਦੇਵ ਜੀ ਦਾ ਆਗਮਨ

ਸੰਸਾਰ ਦੁੱਖਾਂ ਵਿੱਚ ਡੁੱਬਿਆ ਹੋਇਆ ਸੀ, ਜਿਸ ਦਾ ਇੱਕੋ ਇੱਕ ਇਲਾਜ ਰੱਬੀ ਨਾਮ ਸੀ। ਆਪਣੀ ਦਇਆ ਵਿੱਚ, ਸੰਸਾਰ ਦੇ ਦੁੱਖ ਕੱਟਣ ਲਈ, ਨਿਰੰਕਾਰ ਨੇ ਆਪ ਮਨੁੱਖੀ ਰੂਪ ਧਾਰਿਆ; ਇਸ ਘਟਨਾ ਨੇ  ਇਤਿਹਾਸ ਨੂੰ ਸਦਾ ਲਈ ਬਦਲ ਦਿੱਤਾ। ਜੀ, ਅਸੀਂ ਤੁਹਾਨੂੰ ਅਤਿ ਨਿਮਰਤਾ ਨਾਲ ਹੋਰ ਜਾਣਨ ਲਈ ਹੇਠਾਂ ਪੜ੍ਹਨ ਲਈ ਸੱਦਾ ਦਿੰਦੇ ਹਾਂ।

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ ਜਪੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ 

ਜੀ, ਜਦੋਂ ਨਿਰੰਕਾਰ ਨੇ ਵਿਚਾਰਿਆ ਕਿ ਸਾਰੀ ਸ੍ਰਿਸ਼ਟੀ ਬਹੁਤ ਹੀ ਦੁੱਖ (1) ਵਿੱਚ ਹੈ ਤੇ ਫਿਰ ਨਿਰੰਕਾਰ ਨੇ ਵਿਚਾਰਿਆ ਕਿ ਆਪ ਜਾਣਾ ਚਾਹੀਦਾ ਹੈ ਕਿਉਂਕਿ ਨਾਮ ਤੋਂ ਬਿਨਾਂ ਦੁਨੀਆਂ ਦੇ ਰੋਗ ਕੱਟੇ ਨਹੀਂ ਜਾ ਸਕਦੇ ਤੇ ਨਾਲੇ ਉਹਨਾਂ ਸੱਤ ਰਿਸ਼ੀਆਂ- ਜਿਨ੍ਹਾਂ ਦੀ ਅਨੇਕਾਂ ਜਨਮਾਂ ਦੀ ਭਗਤੀ ਤੇ ਬੇਨਤੀ ਨਿਰੰਕਾਰ ਨੂੰ, ਕਿ ਮਾਨਸ ਦੇਹੀ ਵਿੱਚ ਦਰਸ਼ਨ ਦੇਵੋ, ਸਤਿਗੁਰਾਂ ਪ੍ਰਵਾਨ ਕੀਤੀ। 

ਰਾਵੀ ਤੇ ਬਿਆਸਾ ਦਰਿਆ ਦੇ ਵਿੱਚ ਇਕ ਜਗ੍ਹਾ ਸੀ ਜਿਥੇ ਬਹੁਤ ਸਾਰੇ ਰਿਸ਼ੀ ਮੁਨੀ ਭਗਤੀ ਕਰਦੇ ਰਹੇ। ਦੇਵਤਿਆਂ ਨੇ ਵੀ ਉਸ ਜਗ੍ਹਾ ਤੇ ਬਹੁਤ ਬੰਦਗੀ ਕੀਤੀ। ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ, ਬੇਬੇ ਨਾਨਕੀ ਜੀ, ਭਾਈਆ ਜੈਰਾਮ ਜੀ, ਦਾਸੀ ਤੁਲਸਾਂ, ਰਾਇ ਬੁਲਾਰ ਜੀ ਤੇ ਭਾਈ ਲਾਲੋ ਜੀ, ਇਹ ਸੱਤ ਰਿਸ਼ੀਆਂ ਨੇ ਵੀ ਉਸੇ ਅਸਥਾਨ ਤੇ ਹੀ ਬਹੁਤ ਤਪੱਸਿਆ ਕੀਤੀ, ਇਹ ਜਗ੍ਹਾ ਫਿਰ ਅੱਗੇ ਜਾ ਕੇ ਪ੍ਰਗਟ ਹੁੰਦੀ ਹੈ, ਜਿਸ ਦਾ ਨਾਂ ਦੁਖ ਭੰਜਨੀ ਬੇਰੀ- ਚੌਥੇ ਪਾਤਸ਼ਾਹ ਜੀ ਨੇ ਰੱਖਿਆ, ਫਿਰ ਜੋ ਬਾਅਦ ਵਿੱਚ ਅੰਮ੍ਰਿਤਸਰ ਸਾਹਿਬ ਸ਼ਹਿਰ ਆਬਾਦ ਹੋਇਆ ਅੰਮ੍ਰਿਤਸਰ ਸਰੋਵਰ ਬਣਿਆ। ਇਸ ਜਗ੍ਹਾ ਤੇ ਇਨਾਂ ਸੱਤਾਂ ਰਿਸ਼ੀਆਂ ਨੇ ਬਹੁਤ ਜਨਮ ਭਗਤੀ ਕੀਤੀ, ਹੁਣ ਇਹਨਾਂ ਸੱਤਾਂ ਰਿਸ਼ੀਆ‍ਂ ਨੂੰ ਨਿਰੰਕਾਰ ਨੇ ਦਰਸ਼ਨ ਦੇਣੇ ਹਨ ਪਰ ਕਿਸੇ ਨੂੰ ਕੋਈ ਪਤਾ ਨਹੀਂ ਹੈ।

ਗੁਰੂ ਅੰਗਦ ਦੇਵ ਜੀ ਦਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਘਟਨਾਵਾਂ ਨੂੰ ਦਰਜ ਕਰਨਾ

ਦੂਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਤਲਵੰਡੀਓਂ ਜਨਮ ਪੱਤਰੀ ਮੰਗਵਾਈ। ਗੁਰੂ ਅੰਗਦ ਦੇਵ ਜੀ ਨੇ ਜਨਮ ਪੱਤਰੀ ਇਸ ਕਰਕੇ ਮੰਗਵਾਈ ਤਾਂ ਕਿ ਗੁਰੂ ਸਾਹਿਬ ਜੀ ਦਾ ਉਸ ਪੱਤਰੀ ਤੇ ਸਮਾਂ ਲਿਖਿਆ ਸੀ ਕਿ ਕਿਸ ਸਮੇਂ ਕਿਸ ਦਿਨ ਚੋਲਾ ਧਾਰਨ ਕੀਤਾ। (ਜਨਮ ਪੱਤਰੀ ਦਾ ਗੁਰੂ ਨਾਨਕ ਸਾਹਿਬ ਜੀ ਦੇ ਰਸਤੇ ਤੇ ਕੋਈ ਥਾਂ ਨਹੀ ਹੈ। ਮਹਿਤਾ ਕਾਲੂ ਜੀ ਖੱਤਰੀ (2) ਸਨ ਤੇ ਉਦੋਂ ਬ੍ਰਾਹਮਣ ਜੋ ਪੰਡਿਤ ਹੁੰਦੇ ਸਨ ਉਹ ਗੁਰੂ ਕਹਾਉਦੇਂ ਸਨ ਤੇ ਹਰ ਇਕ ਘਰਾਣੇ ਦਾ ਇਕ ਪੰਡਿਤ ਹੁੰਦਾ ਸੀ। ਪਿੰਡਾਂ ਵਿਚ ਪੰਡਿਤਾਂ ਨੇ ਘਰ ਮੱਲੇ ਹੁੰਦੇ ਸਨ ਕਿ ਆਹ ਘਰ ਮੇਰੇ ਹਨ। ਲੋਕਾਂ ਨੇ ਜੋ ਕਰਨਾ ਹੁੰਦਾ ਬ੍ਰਾਹਮਣਾਂ ਤੋਂ ਪੁੱਛ ਕੇ ਹੀ ਕਰਦੇ ਸਨ।)

ਗੁਰੂ ਅੰਗਦ ਦੇਵ ਜੀ ਭਾਈ ਬਾਲਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਪਦੇਸ਼ ਲਿਖਣ ਲਈ ਆਖ ਰਹੇ ਹਨ।

ਗੁਰੂ ਅੰਗਦ ਦੇਵ ਜੀ ਰੋਜ਼ ਦੀਵਾਨ ਸਜਾਉਂਦੇ ਆਪ ਤਖਤ ‘ਤੇ ਬੈਠਦੇ ਤੇ ਭਾਈ ਬਾਲਾ ਜੀ ਨੂੰ ਆਗਿਆ ਕਰਦੇ ਕਿ ਤੁਸੀਂ ਸਾਰਾ ਹਾਲ ਦੱਸੋ, ਸ਼ੂਰੂ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਜੀ ਬਾਰੇ। ਉਸ ਤੋਂ ਬਾਅਦ ਭਾਈ ਬਾਲਾ ਜੀ ਤੋਂ ਸੁਣ ਕੇ ਪੈੜੇ ਮੋਖੇ ਨੂੰ ਆਪ ਲਿਖਵਾਉਂਦੇ। ਗੁਰੂ ਸਾਹਿਬ ਨੇ ਬਾਲਾ ਜੀ ਕੋਲੋਂ ਸਾਖੀ ਸੁਣ ਕੇ ਆਪ ਆਪਣੇ ਮੁਖਾਰਬੰਦ ਤੋਂ ਉਚਾਰੀ ਤੇ ਲਿਖਵਾਈ। ਹਰ ਰੋਜ਼ ਦੀਵਾਨ ਵਿੱਚ ਭਾਈ ਬੁੱਢਾ ਜੀ, ਭਾਈ ਪਾਰੋ ਜੀ, ਭਾਈ ਜੀਵਾ ਜੀ, ਭਾਈ ਜੁਲਫਾ ਜੀ ਇਹ ਜੋ ਉਹਨਾਂ ਦਿਨਾਂ ਵਿੱਚ ਪਰਮਹੰਸ ਕਰਕੇ ਜਾਣੇ ਜਾਂਦੇ ਸਨ ਮਾਹਾਰਾਜ ਜੀ ਦੇ ਦਰਬਾਰ ਵਿੱਚ - ਜਿੰਨਾਂ ਦਾ ਚੋਗਾ ਸਿਰਫ ਮੋਤੀ ਹੀ ਸੀ ਇਹ ਹਰ ਰੋਜ਼ ਦੀਵਾਨ ਵਿੱਚ ਹੁੰਦੇ, ਹੋਰ ਅਨੇਕ ਸੰਗਤ ਆਉਂਦੀ ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਸੁਣਨ ਲਈ। 

ਗੁਰੂ ਨਾਨਕ ਦੇਵ ਜੀ ਦਾ ਧਰਤੀ 'ਤੇ ਆਗਮਨ

ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ 1469 ਈ: ਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਾਰਾਂ ਵੱਜਕੇ ਇੱਕੀ ਮਿੰਟ ਤੇ ਅੰਮ੍ਰਿਤ ਵੇਲੇ ਚੋਲਾ ਧਾਰਨ ਕੀਤਾ। ਮਹਿਤਾ ਕਾਲੂ ਜੀ ਨੂੰ ਖਬਰ ਹੋਈ ਉਹ ਦੋ ਕੁ ਘੰਟੇ ਠਹਿਰ ਕੇ ਪੰਡਿਤ ਹਰਦਿਆਲ ਜੀ ਦੇ ਘਰ ਗਏ। ਪੰਡਿਤ ਜੀ ਨੇ ਕਿਹਾ, “ਕਾਲੂ ਜੀ ਐਨੇ ਸਵੱਖਤੇ ਅੱਜ ਕਿਉਂ ਆਏ?” ਕਹਿੰਦੇ, ਜੀ ਬਾਲਕ ਨੇ ਜਨਮ ਲਿਆ ਹੈ ਆ ਕੇ ਜਨਮ ਪੱਤਰੀ ਲਿਖੋ। ਪੰਡਿਤ ਹਰਦਿਆਲ ਕਹਿੰਦਾ ਤੁਸੀਂ ਚੱਲੋ ਮੈਂ ਠਾਕੁਰ ਦੀ ਪੂਜਾ ਕਰਕੇ ਆਉਂਦਾ ਹਾਂ। ਉਸ ਤੋਂ ਘੰਟਾ ਡੇਢ ਘੰਟਾ ਬਾਅਦ ਹਰਦਿਆਲ ਜੀ ਮਹਿਤਾ ਕਾਲੂ ਜੀ ਦੇ ਗ੍ਰਹਿ ਗਏ, ਕਾਲੂ ਜੀ ਨੇ ਬਹੁਤ ਆਦਰ ਕੀਤਾ। 

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ'ਤੇ ਸੁਸ਼ੋਬਿਤ ਗੁਰਦੁਆਰਾ ਨਨਕਾਣਾ ਸਾਹਿਬ, ਪਾਕਿਸਤਾਨ

ਉਸ ਸਮੇਂ ਪੰਡਿਤ ਗੁਰੂ ਕਹਾਂਉਦੇ ਸਨ ਤੇ ਕਿਸੇ ਨੂੰ ਪਰਮਾਤਮਾਂ ਬਾਰੇ ਕੋਈ ਪਤਾ ਨਹੀਂ ਸੀ, ਕਹਿੰਦੇ ਸਨ ਕਿ ਦੂਸਰੀਆਂ ਜਾਤੀਆਂ ਨੀਵੀਆਂ ਹਨ ਇਹਨਾਂ ਨੂੰ ਕੋਈ ਹੱਕ ਨਹੀਂ ਹੈ ਪਰਮਾਤਮਾਂ ਬਾਰੇ ਜਾਨਣ ਦਾ, ਪਰਮਾਤਮਾਂ ਦੇ ਗੁਣ ਗਾਉਣ ਦਾ।  ਇਸ ਲਈ ਇਹਨਾਂ ਨੇ ਇਕ ਬਹੁਤ ਕਠਿਨ ਭਾਸ਼ਾ ਸੰਸਕ੍ਰਿਤ ਵਿੱਚ ਪਰਮਾਤਮਾਂ ਬਾਰੇ ਗੱਲਬਾਤ ਲਿਖ ਰੱਖੀ ਸੀ, ਪਰ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਹਨ ਕਿ “ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥” ਸੋ ਮਹਿਤਾ ਕਾਲੂ ਜੀ ਨੇ ਇਕ ਥਾਲੀ ਚੌਲਾਂ ਦੀ ਭਰ ਕੇ ਉੱਪਰ ਗੁੜ ਤੇ ਕੁਝ ਮਾਇਆ ਭੇਟ ਕਰਕੇ ਹਰਦਿਆਲ ਪੰਡਿਤ ਜੀ ਨੂੰ ਦਿੱਤੀ ਤੇ ਬੇਨਤੀ ਕੀਤੀ ਕਿ ਬਾਲਕ ਦੀ ਪੱਤਰੀ ਤਿਆਰ ਕਰੋ।

ਹਰਦਿਆਲ ਨੇ ਆਪਣੀ ਜੰਤਰੀ ਦੇਖ ਕੇ ਕਿਹਾ ਕਿ “ਬਹੁਤ ਸ਼ੁਭ ਸਮਾਂ ਹੈ ਇਹ ਬਾਲਕ ਬਹੁਤ ਵੱਡਾ ਧਰਮੀ ਹੋਵੇਗਾ ਤੇ ਮੈਨੂੰ ਜਾਪਦਾ ਹੈ ਕਿ ਇਸ ਦੇ ਸਿਰ ਤੇ ਛੱਤਰ ਝੁੱਲੇਗਾ ਪਰ ਮੈਂ ਬਹੁਤ ਹੈਰਾਨ ਹਾਂ ਕਿ ਉਹ ਕਿਹੜਾ ਛੱਤਰ ਹੈ ਜੋ ਇਸ ਦੇ ਸਿਰ ਤੇ ਝੁੱਲੇਗਾ”। ਮਹਿਤਾ ਕਾਲੂ ਜੀ ਕਹਿੰਦੇ ਤੁਸੀਂ ਜਨਮ ਪੱਤਰੀ ਲਿਖੋ ਤੇ ਨਾਲੇ ਲੱਛਣ ਲਿਖੋ ਬਾਲਕ ਦੇ। ਹਰਦਿਆਲ ਕਹਿੰਦਾ ਜੀ ਇਕ ਕਾਗਜ਼ ਤੇ ਕੇਸਰ ਮੰਗਵਾਉ , ਉਹ ਮੰਗਾਏ ਗਏ। ਫਿਰ ਪੰਡਿਤ ਨੇ ਪੁੱਛਿਆ ਕਿ ਬਾਲਕ ਜਦੋਂ ਇਸ ਮਾਤ ਲੋਕ ਵਿਚ ਆਇਆ ਤਾਂ ਉਸਨੇ ਪਹਿਲੀ ਅਵਾਜ਼ ਕੀ ਕੱਢੀ ? ਅੰਦਰੋਂ ਦਾਈ ਦੌਲਤਾਂ ਨੂੰ ਬੁਲਾਇਆ। ਦੌਲਤਾਂ ਦਾਈ ਨੂੰ ਪੁੱਛਿਆ ਕਿ ਬਾਲਕ ਦੀ ਪਹਿਲੀ ਆਵਾਜ਼ ਕੀ ਸੀ ਤੇ ਉਸ ਨੇ ਕਿਹਾ ਕਿ ਮੇਰੇ ਹੱਥਾਂ ਵਿੱਚ ਬਹੁਤ ਬਾਲਕ ਜਨਮੇ ਹਨ ਪਰ ਮੈਂ ਇਹੋ ਜਿਹਾ ਬਾਲ ਕੋਈ ਨਹੀ ਦੇਖਿਆ। ਇਹ ਬਾਲਕ ਇਸ ਮਾਤ ਲੋਕ ਵਿੱਚ ਪੈਰ ਪਾਉਂਦਿਆਂ ਹੀ ਹੱਸਿਆ ਤੇ ਉਹ ਹਾਸਾ ਵੀ ਵੱਡੇ ਪ੍ਰਾਣੀ ਵਰਗਾ ਸੀ ਬੱਚੇ ਦਾ ਹਾਸਾ ਨਹੀਂ ਸੀ ਤੇ ਮੈਂ ਬਹੁਤ ਅਸਚਰਜ ਹੋ ਰਹੀ ਸਾਂ ਕਿ ਇਹ ਕੀ ਕੌਤਕ ਹੋਇਆ। (ਮਹਾਰਾਜ ਜੀ ਕੀ ਪਤਾ ਹੱਸੇ ਹੋਣ ਦੁਨੀਆਂ ਨੂੰ ਦੱਸਣ ਲਈ ਕਿ ਹੁਣ ਖੁਸ਼ ਹੋਵੋ ਤੁਹਾਡੇ ਲਈ ਸ਼ਬਦ ਲੈ ਕੇ ਆਏ ਹਾਂ ਜੋ ਸਾਰੀਆਂ ਬਿਮਾਰੀਆਂ ਦਾ ਅਉਖਧ ਹੈ) ਸੋ ਪੰਡਿਤ ਹੈਰਾਨ ਹੋ ਰਿਹਾ ਹੈ ਉਸ ਨੇ ਬੇਨਤੀ ਕੀਤੀ ਕਿ ਬਾਲਕ ਦੇ ਦਰਸ਼ਨ ਕਰਾਓ। ਅੰਦਰੋਂ ਦਾਈ ਬਾਲਕ ਨੂੰ ਕੱਪੜਿਆਂ ‘ਚ ਲਪੇਟ ਕੇ ਲਿਆਈ ਤੇ ਪੰਡਿਤ ਉੱਠ ਕੇ ਖੜ੍ਹਾ ਹੋ ਗਿਆ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਕਾਲੂ ਜੀ ਨੂੰ ਕਿਹਾ ਕਿ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ। ਤੁਹਾਡੇ ਗ੍ਰਹਿ ਵਿਖੇ ਜੋ ਬਾਲਕ ਆਇਆ ਹੈ ਇਸ ਕਰਕੇ ਤੁਹਾਡਾ ਨਾਂਅ ਵੀ ਹਮੇਸ਼ਾ ਅਮਰ ਹੋ ਜਾਣਾ ਹੈ। 

ਮਹਿਤਾ ਕਾਲੂ ਜੀ ਕਹਿੰਦੇ ਜੀ ਬਾਲਕ ਦਾ ਨਾਮ ਰੱਖੋ ਸੋ ਪੰਡਿਤ ਕਹਿੰਦਾ ਕਿ ਇਸ ਦਾ ਨਾਮ ਮੈਂ ਹੁਣ ਨਹੀਂ ਰੱਖਣਾ ਬਹੁਤ ਸੋਚ ਕੇ ਇਸ ਦਾ ਨਾਮ ਰੱਖਣਾ ਪੈਣਾ ਹੈ, ਮੈਂ ਤੇਰਾਂ ਦਿਨਾਂ ਨੂੰ ਸੋਚ ਕੇ ਇਸ ਦਾ ਨਾਮ ਰੱਖਾਂਗਾ।

ਤੇਰਾਂ ਦਿਨਾਂ ਬਾਅਦ ਪੰਡਿਤ ਫਿਰ ਆਇਆ ਤੇ ਕਹਿਣ ਲੱਗਾ ਕਿ ਮਹਿਤਾ ਕਾਲੂ ਜੀ ਇਸ ਬਾਲਕ ਦਾ ਨਾਮ ‘ਨਾਨਕ’ ਹੈ।

ਮਹਿਤਾ ਕਾਲੂ ਜੀ ਕਹਿੰਦੇ ਪ੍ਰੋਹਿਤ ਜੀ, ਇਹ ਨਾਂਅ ਨਹੀਂ ਰੱਖਣਾ ਹੋਰ ਕੋਈ ਨਾਮ ਸੋਚ ਕੇ ਦੱਸੋ। ਅਸੀਂ ਖੱਤਰੀ ਲੋਕ ਹਾਂ ਐਸਾ ਨਾਂਅ ਤੇ ਅਸੀਂ ਕਦੇ ਸੁਣਿਆ ਨਹੀਂ ਹੈ ਜੋ ਖੱਤਰੀਆਂ ਦੇ ਨਾਂਅ ਹੁੰਦੇ ਹਨ ਉਹ ਨਾਂਅ ਰੱਖੋ। ਪੰਡਿਤ ਕਹਿੰਦਾ ਮਹਿਤਾ ਕਾਲੂ ਜੀ ਇਹ ਆਮ ਬਾਲਕ ਨਹੀਂ ਹੈ, ਇਸ ਨੂੰ ਹਿੰਦੂ ਮੁਸਲਮਾਨ ਦੋਵੇਂ ਪੂਜਣਗੇ, ਇਸ ਦਾ ਅਸਮਾਨ, ਖੰਡਾਂ, ਬ੍ਰਹਮੰਡਾਂ ਵਿੱਚ ਨਾਮ ਗੂੰਜੇਗਾ।  ਇਸ ਨੂੰ ਧਰਤੀ ਸਾਗਰ, ਅਸਮਾਨ ਤੇ ਪਹਾੜ ਸਾਰੇ ਰਸਤਾ ਦੇਣਗੇ, ਜੋਗੀ, ਰਿਸ਼ੀ ਮੁਨੀ ਸਾਰਾ ਸੰਸਾਰ ਇਸ ਦੀ ਆਗਿਆ ਮੰਨੇਗਾ। ਕਾਲੂ ਜੀ ਸੁਣ ਸੁਣ ਕੇ ਹੈਰਾਨ ਹੋ ਰਹੇ ਸਨ ਤੇ ਮੰਨ ਗਏ ਕਿ ਠੀਕ ਇਹੀ ਨਾਮ ਰੱਖਦੇ ਹਾਂ। 

 

ਫਿਰ ਪੰਡਿਤ ਨੇ ਦੱਸਿਆ ਕਿ ਇਸ ਨਾਮ ਦੇ ਦੋ ਅਰਥ ਹਨ, ਸੰਸਕ੍ਰਿਤ ਵਿੱਚ ‘ਨੰਨਾ’ ਦਾ ਮਤਲਬ ਹੰਦਾ ਹੈ ਪੁਰਖ, ‘ਅਨ’ ਦਾ ਮਤਲਬ ਹੁੰਦਾ ਹੈ ਬਿਨਾਂ, ਤੇ ‘ਅਕ’ ਦੁੱਖਾਂ ਤੋਂ ਬਿਨਾਂ। ਉਹ ਪੁਰਖ ਜਿਸ ਨੂੰ ਕੋਈ ਦੁੱਖ ਨਹੀਂ ਹੈ। ਗੁਰਮੁਖੀ ਵਿੱਚ ਇਸ ਦਾ ਮਤਲਬ ਹੁੰਦਾ ਹੈ ਨਾਨਕ ਨਾ-ਅਨੇਕ ਜਿਹੜਾ ਅਨੇਕ ਨਹੀਂ ਸਿਰਫ ਇੱਕ ਹੀ ਹੈ ਸਾਰੀ ਸ੍ਰਿਸ਼ਟੀ ਵਿੱਚ

 

ਸੋ ਮੈਂ ਬਹੁਤ ਸੋਚ ਕੇ ਇਸ ਦਾ ਨਾਂਅ ਰੱਖਿਆ ਹੈ। ਸੁਣ ਕੇ ਕਾਲੂ ਜੀ ਬਹੁਤ ਪ੍ਰਸੰਨ ਹੋਏ ਪੰਡਿਤ ਨੂੰ ਬਹੁਤ ਸਾਰੀ ਦਕਸ਼ਣਾ ਦਿੱਤੀ ਉਸ ਨੂੰ ਇਕ ਰਾਮ ਗਊ ਦਾਨ ਕੀਤੀ। 

ਗੁਰੂ ਨਾਨਕ ਦੇਵ ਜੀ ਦਾ ਰੱਬੀ ਸੁਭਾਅ

ਹੁਣ ਮਹਾਰਾਜ ਜੀ ਦਾ ਸੁਭਾਅ ਬਾਕੀ ਬਾਲਕਾਂ ਨਾਲੋਂ ਬਿਲਕੁਲ ਵੱਖਰਾ ਹੈ। ਬਾਹਰ ਜਾਂਦੇ ਤਾਂ ਚੌਂਕੜੀ ਮਾਰ ਕੇ ਬੈਠ ਜਾਂਦੇ। 

ਇਸ ਤਰਾਂ ਗੁਰੂ ਨਾਨਕ ਸਾਹਿਬ ਜੀ ਜਦੋਂ ਛੋਟੇ ਬਾਲ ਸਨ ਘਰੋਂ ਬਾਹਰ ਜਾਣਾਂ, ਸਿਆਣਿਆਂ ਵਾਂਗੂ ਚੌਂਕੜੀ ਮਾਰ ਕੇ ਬੈਠ ਜਾਣਾਂ ਤੇ ਬੱਚਿਆਂ ਨਾਲ ਗੱਲਾਂ ਕਰਨੀਆਂ ਕਿ ਇੱਕ ਪਰਮੇਸ਼ਰ ਜੀ ਹੈ ਜੋ ਆਪਾਂ ਨੂੰ ਬਹੁਤ ਪ੍ਰੇਮ ਕਰਦਾ ਹੈ ਤੇ ਜਿਹੜਾ ਉਹਦਾ ਨਾਮ ਜਪੇ ਉਹਦੇ ਤੇ ਬਹੁਤ ਖੁਸ਼ ਹੁੰਦਾ ਹੈ। ਫਿਰ ਜੋ ਮਰਜ਼ੀ ਉਸ ਤੋਂ ਲੈ ਲਵੋ। ਬਾਲਕਾਂ ਨੇ ਪੁੱਛਣਾ “ਨਾਨਕ ਜੀ ਉਹ ਕਿੱਥੇ ਰਹਿੰਦਾ ਹੈ?” ਜੇ ਹਿੰਦੂਆਂ ਦੇ ਬੱਚੇ ਹੋਣ ਤੇ ਉਹਨਾਂ ਦੀ ਭਾਸ਼ਾ ਵਿੱਚ ਕਹਿਣਾ ਕਿ “ਇਕ ਪ੍ਰਭੂ ਰਹਿੰਦਾ ਹੈ ਸੱਚਖੰਡ ਵਿੱਚ, ਉਹ ਆਪਣਾ ਬਾਪ ਹੈ। ਉਹ ਆਪਾਂ ਨੂੰ ਸਭ ਕੁਛ ਦਿੰਦਾ ਹੈ”। ਜੇ ਮੁਸਲਮਾਨਾਂ ਦੇ ਬੱਚੇ ਹੋਣ ਤੇ ਉਹਨਾਂ ਨੂੰ ਕਹਿਣਾ ਕਿ “ਖੁਦਾ ਰਹਿੰਦਾ ਹੈ ਸੱਚਖੰਡ ਵਿੱਚ”। ਸਾਰੇ ਬੱਚਿਆਂ ਨੇ ਮਾਹਾਰਾਜ ਜੀ ਹੋਰਾਂ ਦੇ ਚਾਰ ਚੁਫੇਰੇ ਫਿਰਦੇ ਰਹਿਣਾ। 

ਬਿਲਕੁਲ ਬੱਚਿਆਂ ਵਾਲਾ ਕੋਈ ਸੁਭਾਅ ਨਹੀਂ ਹੈ ਜੋ ਚੰਚਲ ਸੁਭਾਅ ਹੁੰਦਾ ਹੈ ਤੇ ਜੇ ਘਰ ਆਉਣਾ ਤੇ ਫਿਰ ਸਹਿਜ ਵਿੱਚ ਰਹਿਣਾ। ਘਰੋਂ ਕੋਈ ਚੀਜ਼ ਦੇਖਣੀ ਕੋਈ ਬਰਤਨ, ਕੋਈ ਕਮੰਡਲ, ਬਾਲਟੀ ਵਗੈਰਾ ਤੇ ਉਹ ਗਰੀਬਾਂ ਨੂੰ ਦੇ ਦੇਣੀ ਜਾਂ ਕੋਈ ਪਿੰਡ ਵਿੱਚ ਫਕੀਰ ਆਇਆ ਹੋਣਾ ਤੇ ਉਸ ਨੂੰ ਫੜਾ ਦੇਣੀ ਤੇ ਮਹਿਤਾ ਕਾਲੂ ਜੀ ਨੇ ਹਰਦਿਆਲ ਪੰਡਿਤ ਨੂੰ ਜਾ ਕੇ ਉਲਾਂਬਾ ਦੇਣਾ ਕਿ ਚੰਗਾ ਛੱਤਰ ਫਿਰਾਇਆ ਈ ਸਾਡੇ ਸਿਰ ਤੇ ਇਹ ਤਾਂ ਘਰ ਹੀ ਉਜਾੜੀ ਜਾਂਦਾ। ਪੰਡਿਤ ਹਰਦਿਆਲ ਨੇ ਨੇਕਹਿਣਾ, ਕਾਲੂ ਜੀ ਜਦੋਂ ਇਹਦਾ ਪ੍ਰਤਾਪ ਹੋਇਆ ਉਦੋਂ ਤੁਸੀਂ ਸਾਡੇ ਨਾਲ ਬੋਲਣਾ ਵੀ ਨਹੀਂ ਅੱਜ ਉਲਾਂਬੇ ਦੇਣ ਆਉਂਦੇ ਹੋ। 

ਗੁਰੂ ਨਾਨਕ ਦੇਵ ਜੀ ਦਾ ਸਕੂਲ ਜਾਣਾ

ਸੱਤ ਸਾਲ ਦੀ ਸਰੀਰਕ ਆਯੂ ਹੋ ਗਈ ਮਾਹਾਰਾਜ ਜੀ ਹੋਰਾਂ ਦੀ ਮਹਿਤਾ ਕਾਲੂ ਜੀ ਨੇ ਸੋਚਿਆ ਕਿ ਇਹ ਹਿਸਾਬ ਸਿੱਖ ਲਵੇ ਤਾਂ ਕਿ ਇਹ ਜੋ ਮੇਰਾ ਪਟਵਾਰੀ ਦਾ ਕੰਮ ਹੈ ਰਾਇ ਬੁਲਾਰ ਨੂੰ ਆਖ ਕੇ ਮੇਰੇ ਤੋ ਬਾਅਦ ਇਸ ਨੂੰ ਇਹ ਲੈ ਦਿਆਂਗੇ। ਸੋ ਉਹ ਇਹ ਸੋਚ ਕੇ ਪਾਂਧੇ ਕੋਲ ਲੈ ਗਏ। ਪਾਂਧਾ ਪੰਡਿਤ ਸੀ, ਉਸ ਦਾ ਨਾਂ ਗੁਪਾਲ ਦਾਸ ਸੀ। ਪਾਂਧੇ ਦਾ ਮਤਲਬ ਹੁੰਦਾ ਹੈ ਜੋ ਰਾਹ ਦਿਖਾਉਂਦਾ ਹੈ ਦੁਨੀਆ ਨੂੰ। ਮਹਿਤਾ ਕਾਲੂ ਜੀ ਇਕ ਥਾਲੀ ਚੌਲਾਂ ਦੀ ਗੁੜ ਆਦ ਅਤੇ ਨਾਲ ਗੁਰੂ ਸਾਹਿਬ ਨੂੰ ਲੈ ਕੇ ਪਾਂਧੇ ਪਾਸ ਗਏ ਕਿ ਪਾਂਧਾ ਜੀ ਮਹੂਰਤ ਦੇਖੋ (ਉਦੋਂ ਐਨਾਂ ਜਿਆਦਾ ਪੰਡਿਤਾਂ ਨੇ ਪਰਜਾ ਨੂੰ ਵਹਿਮਾਂ ਵਿੱਚ ਪਾਇਆ ਹੋਇਆ ਸੀ ਕਿ ਜੇ ਕਿਸੇ ਨੂੰ ਮਿਲਣ ਵੀ ਜਾਣਾ ਤੇ ਫਿਰ ਵੀ ਮਹੂਰਤ ਕਢਾ ਕੇ, ਪੰਡਿਤ ਕੋਲੋਂ ਪੁਛ ਕੇ ਕਿ ਕੋਈ ਅੜਚਨ ਨਹੀਂ ਪਏਗੀ ਤਾਂ ਜਾਣਾ) ਤੇ ਸਕੂਲ ਪਾਂਧੇ ਨੂੰ ਪੁੱਛਿਆ ਕਿ ਦੇਖੋ ਮਹੂਰਤ ਠੀਕ ਹੈ ਨਾਨਕ ਜੀ ਦੇ ਸਕੂਲ ਆਉਣ ਦਾ? ਉਸ ਨੇ ਜੰਤਰੀ ਦੇਖੀ ਤੇ ਕਹਿੰਦੇ ਜੀ ਅੱਜ ਮਹੂਰਤ ਠੀਕ ਹੈ। ਫਿਰ ਕਾਲੂ ਜੀ ਕਹਿੰਦੇ ਇਸ ਨੂੰ ਸਾਰੇ ਪਹਾੜੇ ਸਵਾਇਆ, ਡੇਢਾ, ਢਾਇਆ ਚੰਗੀ ਤਰਾਂ ਸਿੱਖਾਂ ਦਿਉ। ਇਸ ਨੇ ਅੱਗੇ ਪਟਵਾਰੀ ਦਾ ਕੰਮ ਕਰਨਾ ਹੈ। ਏਨਾ ਕਹਿ ਕੇ ਮਹਿਤਾ ਕਾਲੂ ਜੀ ਘਰ ਆ ਗਏ। ਪਾਂਧੇ ਨੇ ਇਕ ਤਖਤੀ ਗੁਰੂ ਸਾਹਿਬ ਜੀ ਨੂੰ ਦਿੱਤੀ। ਉਹਦੇ ਉਤੇ ਇਕ, ਦੋ, ਤਿੰਨ, ਚਾਰ ਪੈਨਸਲ ਨਾਲ ਲਿਖ ਦਿੱਤਾ ਤੇ ਗੁਰੂ ਸਾਹਿਬ ਨੂੰ ਕਿਹਾ ਕਿ ਆਹ ਲੈ ਇਹਨਾਂ ਉੱਤੇ ਤੂੰ ਸਿਆਹੀ ਨਾਲ ਲਿਖ। ਗੁਰੂ ਸਾਹਿਬ ਜੀ ਨੇ ਤਖਤੀ ਫੜ ਲਈ ਪਰ ਲਿਖਿਆ ਕੁਝ ਨਹੀ ਉਸੇ ਤਰਾਂ ਬੈਠੇ ਰਹੇ। ਕਦੀ ਤਖਤੀ ਵੱਲ ਦੇਖ ਲੈਂਦੇ ਕਦੀ ਬੱਚਿਆਂ ਵੱਲ ਕਦੀ ਪਾਂਧੇ ਵੱਲ। ਪਾਂਧੇ ਨੇ ਇਕ ਦੋ ਵਾਰ ਕਿਹਾ ਪਰ ਜਿਆਦਾ ਨਹੀਂ ਕਿਹਾ ਕਿ ਪਹਿਲਾ ਦਿਨ ਹੈ। ਫਿਰ ਛੁੱਟੀ ਹੋ ਗਈ ਮਾਹਾਰਾਜ ਜੀ ਘਰ ਨੂੰ ਆ ਗਏ। 

(ਇਕ ਬਹੁਤ ਅਸਚਰਜ ਚੀਜ ਦੇਖਣਾ ਜੀ ਕਿ ਸ਼ੁਰੂ ਤੋਂ ਹੀ ਗੁਰੂ ਨਾਨਕ ਸਾਹਿਬ ਜੀ ਹੋਰਾਂ ਨੇ ਜੋ ਕਰਨਾ ਸੀ ਕੀਤਾ ਓਹੀ ਪਰ ਕਿਸੇ ਨੂੰ ਅੱਗੋਂ ਜਵਾਬ ਨਹੀਂ ਦਿੱਤਾ ਕਿ ਮੈਂ ਇਹ ਨਹੀਂ ਕਰਨਾ। ਇਹ ਨਹੀਂ ਕਹਿੰਦੇ ਸੀ ਕਿ ਮੈਂ ਸਕੂਲੇ ਨਹੀਂ ਜਾਣਾ, ਸਕੂਲ ਚੱਲੇ ਗਏ, ਪਰ ਬਾਪ ਨੂੰ ਜਵਾਬ ਨਹੀਂ ਦਿੱਤਾ। ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੁੰਦੇ ਪਰ ਜੋ ਕਰਨਾ, ਕਰਨਾ ਓਹੀ ਹੈ।)

 
Previous
Previous

2. ਪਵਿੱਤਰ ਪੈਂਤੀ ਦੇ ਇਲਾਹੀ ਗਿਆਨ ਦਾ ਪਰਦਾ ਚੁੱਕਦੇ ਹੋਏ (ਭਾਗ ਇਕ)