2. ਗੁਰੂ ਨਾਨਕ ਦੇਵ ਜੀ ਦੀਆਂ ਸੱਚੇ ਗਿਆਨ ਬਾਰੇ ਸਿੱਖਿਆਵਾਂ
ਕੀ ਤੁਸੀਂ ਕਦੇ ਸੋਚਿਆ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਪ੍ਰਗਟ ਕੀਤੀ ਗਈ ਪਹਿਲੀ ਬਾਣੀ ਕਿਹੜੀ ਸੀ? ਸਿਰਫ਼ ਸੱਤ ਸਾਲ ਦੀ ਉਮਰ ਵਿੱਚ, ਮਹਾਰਾਜ ਜੀ ਨੇ ਇੱਕ ਡੂੰਘੀ ਸਿਆਣਪ ਸਾਂਝੀ ਕੀਤੀ ਜਿਸਨੂੰ ਪੱਟੀ ਲਿਖੀ ਕਿਹਾ ਜਾਂਦਾ ਹੈ - ਇੱਕ ਪਾਠ ਜੋ ਸਿਰਫ਼ ਸਿਆਹੀ ਵਿੱਚ ਨਹੀਂ ਸਗੋਂ ਸੱਚ ਵਿੱਚ ਲਿਖਿਆ ਗਿਆ ਹੈ। ਉਹ ਕੀ ਹੈ ਜੋ ਇਸ ਸਿੱਖਿਆ ਨੂੰ ਇੰਨ੍ਹਾ ਖਾਸ ਬਣਾਉਂਦਾ ਹੈ ਅਤੇ ਗੁਰਮੁਖੀ ਇੱਕ ਲਿਪੀ ਭਾਸ਼ਾ ਤੋਂ ਵੱਧ ਕਿਉਂ ਹੈ? ਕੀ ਤੁਸੀਂ ਜਾਣਦੇ ਹੋ ਕਿ ਗੁਰਮੁਖੀ ਵਰਣਮਾਲਾ ਦੇ ਹਰ ਅੱਖਰ ਦਾ ਇੱਕ ਅਰਥ ਹੈ? ਆਦਿ ਬਾਣੀ ਦੀ ਮਹੱਤਤਾ ਨੂੰ ਜਾਨਣ ਲਈ ਅੱਗੇ ਪੜ੍ਹੋ ਜੀ।
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ ਜਪੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
ਪਹਿਲੇ ਦਿਨ ਜਦੋਂ ਮਹਿਤਾ ਕਾਲੂ ਜੀ, ਮਹਾਰਾਜ ਜੀ ਹੋਰਾਂ ਨੂੰ ਪਾਂਧੇ ਪਾਸ ਲੈ ਕੇ ਗਏ ਤੇ ਪਾਂਧੇ ਨੇ ਗੁੜ ਵੰਡਿਆ ਤੇ ਬਹੁਤਾ ਕੁਝ ਕਰਨ ਨੂੰ ਨਹੀਂ ਦਿੱਤਾ। ਤਖ਼ਤੀ ਜੋ ਲੱਕੜੀ ਦੀ ਹੁੰਦੀ ਸੀ, ਉਸ ਤਖ਼ਤੀ ਤੇ ਕੱਚੀ ਪੈਨਸਲ ਨਾਲ ਕੁਝ ਲਿਖ ਦਿੱਤਾ ਤੇ ਕਿਹਾ ਕਿ ਇਹਦੇ ਉੱਤੇ ਸਿਆਹੀ ਨਾਲ ਲਿਖੋ ਤੇ ਮਹਾਰਾਜ ਜੀ ਹੋਰਾਂ ਫੱਟੀ ਪਾਂਧੇ ਕੋਲੋਂ ਲੈ ਕੇ ਰੱਖ ਦਿੱਤੀ ਤੇ ਚੌਂਕੜੀ ਮਾਰ ਕੇ ਬੈਠੇ ਰਹੇ। ਸ਼ਾਮ ਹੋ ਗਈ ਤੇ ਛੁੱਟੀ ਹੋ ਗਈ। ਦੂਸਰੇ ਦਿਨ ਮਾਤਾ ਤ੍ਰਿਪਤਾ ਜੀ ਨੇ ਮਹਾਰਾਜ ਜੀ ਹੋਰਾਂ ਨੂੰ ਇਸ਼ਨਾਨ ਕਰਾਇਆ ਕੱਪੜੇ ਬਦਲ ਕੇ ਭੋਜਨ ਕਰਾਇਆ ਤੇ ਫੇਰ ਕਿਹਾ ਪਾਂਧੇ ਪਾਸ ਜਾਓ ਤੇ ਦਿਲ ਲਾ ਕੇ ਪੜ੍ਹਾਈ ਕਰਨੀ। ਮਹਾਰਾਜ ਜੀ ਘਰੋਂ ਚਲੇ ਗਏ ਪਰ ਥੋੜ੍ਹੀ ਦੇਰ ਏਧਰ ਓਧਰ ਰਹੇ ਤੇ ਵਾਪਸ ਆ ਗਏ। ਮਾਤਾ ਜੀ ਕਹਿੰਦੇ,” ਤੂੰ ਪਾਂਧੇ ਕੋਲ ਨਹੀਂ ਗਿਆ ?” ਚੁੱਪ ਰਹੇ ਨੀਵੀਂ ਪਾਈ ਰੱਖੀ। ਮਾਤਾ ਜੀ ਕਹਿੰਦੇ ਤੂੰ ਜਦੋਂ ਵੱਡਾ ਹੋਵੇਂਗਾ ਫੇਰ ਤੂੰ ਕੋਈ ਕਾਰ ਕਰਨੀ ਹੈ ਹੁਣ ਪੜ੍ਹਲ਼ੋ, ਇਹ ਸਾਰਾ ਹਿਸਾਬ ਕਿਤਾਬ ਸਿੱਖ ਲੈ ਪਾਂਧੇ ਕੋਲੋਂ ਤੇ ਫੇਰ ਪਿਤਾ ਜੀ ਵਾਲੀ ਪਟਵਾਰੀ ਦੀ ਨੌਕਰੀ ਤੈਨੂੰ ਮਿਲ ਜਾਵੇਗੀ। ਮਹਾਰਾਜ ਜੀ ਚੁੱਪ ਰਹੇ। ਫਿਰ ਮਾਤਾ ਜੀ ਕਹਿੰਦੇ ਕਿ ਤੂੰ ਪਾਂਧੇ ਕੋਲ ਨਹੀਂ ਗਿਆ? ਜਦੋਂ ਤੇਰੇ ਪਿਤਾ ਜੀ ਘਰ ਆਏ ਤਾਂ ਉਹਨਾਂ ਤੈਨੂੰ ਬਹੁਤ ਨਾਰਾਜ਼ ਹੋਣਾ ਏ।
ਮਹਾਰਾਜ ਜੀ ਨੇ ਇੱਕ ਕਾਗਜ਼ ਲੈ ਕੇ ਚੌਕੀਂ ਉਪਰ ਰੱਖ ਲਿਆ ਤੇ ਉਪਰ ਬਹੁਤ ਸੋਹਣਾ ਰੁਮਾਲ ਪਾ ਦਿੱਤਾ ਤੇ ਆਪ ਚੌਕੀਂ ਦੇ ਪਿੱਛੇ ਚੌਂਕੜੀ ਮਾਰ ਕੇ ਬੈਠ ਗਏ। ਕੁਝ ਗੁਆਂਢੀ ਬੱਚੇ ਆਏ ਕਿ ਨਾਨਕ ਜੀ ਚੱਲੋ ਖੇਡੀਏ ਤੇ ਮਹਾਰਾਜ ਜੀ ਕਹਿੰਦੇ ਕਿ ਮੈਂ ਪੋਥੀ ਪੜ੍ਹਦਾ ਹਾਂ। ਮਹਿਤਾ ਕਾਲੂ ਜੀ ਜਦੋਂ ਘਰ ਆਏ ਤੇ ਮਹਾਰਾਜ ਹੋਰਾਂ ਨੂੰ ਚੌਂਕੜੀ ਮਾਰ ਕੇ ਬੈਠੇ ਦੇਖ ਕੇ ਕਹਿੰਦੇ, ਲਿਆ ਬਈ ਨਾਨਕ ਸੁਣਾ ਕੀ ਪੜ੍ਹ ਕੇ ਆਇਆ ਹੈਂ ਅੱਜ ਪਾਂਧੇ ਕੋਲੋਂ ਤੇ ਇਹ ਕੀ ਤੂੰ ਆਪਣੇ ਅੱਗੇ ਰੱਖਿਆ? ਮਹਾਰਾਜ ਕਹਿੰਦੇ ਜੀ ਮੈ ਸੱਤ ਸਲੋਕੀ ਗੀਤਾ ਦੇ ਅਰਥ ਵਿਚਾਰ ਕਰ ਰਿਹਾ ਹਾਂ (ਸੱਤ ਸਲੋਕੀ ਗੀਤਾ ਜੋ ਸਾਰੀ ਗੀਤਾ ਦਾ ਸਾਰ ਅੰਸ਼ ਨਿਚੋੜ ਹੈ ਉਹ ਸੱਤ ਸਲੋਕਾਂ ਵਿਚ ਲਿਖਿਆ ਹੋਇਆ ਹੈ ਤੇ ਉਸ ਨੂੰ ਸੱਤ ਸਲੋਕੀ ਗੀਤਾ ਆਖਦੇ ਹਨ) ਮਹਾਰਾਜ ਜੀ ਕਹਿੰਦੇ ਕਿ ਮੈਂ ਉਹ ਸੱਤ ਸਲੋਕੀ ਗੀਤਾ ਦੇ ਅਰਥ ਵਿਚਾਰ ਰਿਹਾ ਹਾਂ। ਮਹਿਤਾ ਕਾਲੂ ਜੀ ਕਹਿੰਦੇ ਸਾਨੂੰ ਵੀ ਸੁਣਾ। ਮਹਾਰਾਜ ਜੀ ਹੋਰਾਂ ਫਟਾ ਫਟ ਸੰਸਕ੍ਰਿਤ ਵਿਚ ਸੁਣਾ ਦਿੱਤੇ, ਮੂੰਹ ਜ਼ੁਬਾਨੀ। (ਜੀ ਅਸੀਂ ਇਹ ਯਾਦ ਰੱਖੀਏ ਕਿ ਇਹੀ ਜੋਤ ਅੱਠਵੇਂ ਚੋਲੇ ਵਿਚ ਪੰਜ ਸਾਲ ਦੀ ਉਮਰ ਵਿਚ ਜੇ ਕਿਸੇ ਗੂੰਗੇ ਬੋਲੇ ਦੇ ਸਿਰ ਤੇ ਸੋਟੀ ਰੱਖ ਕੇ ਉਸ ਕੋਲੋਂ ਗੀਤਾ ਦੇ ਅਰਥ ਕਰਵਾ ਸਕਦੀ ਹੈ ਤੇ ਆਪ ਕਿਉਂ ਨਹੀਂ ਕਰ ਸਕਦੀ।)
“ਏਕ ਹੁਕਮ ਦੋਇ ਰਾਹ ਚਲਾਇ” ਦੋ ਰਾਹ ਹਨ ਇੱਕ ਭਗਤੀ ਦਾ ਤੇ ਇੱਕ ਦੁਨਿਆਵੀ ਮਾਇਆ ਦਾ।
ਇਹ ਰਾਹ ਪਰਮੇਸ਼ਰ ਜੀ ਨੇ ਚਲਾਏ ਹਨ। ਇਹ ਸਾਰੀਆਂ ਧਾਰਿਮਕ ਕਿਤਾਬਾਂ ਵੇਦ, ਗੀਤਾ, ਪੁਰਾਨ, ਕਤੇਬ ਉਸੇ ਗਿਆਨ ਵਿਚੋਂ ਹੀ ਉਪਜੀਆਂ ਸਨ। ਫਿਰ ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਕਹਿੰਦੇ ਕਿ ਨਾਨਕ ਸਾਨੂੰ ਇਹਦੇ ਮਤਲਬ ਨਹੀਂ ਪਤਾ ਜੇ ਤੈਨੂੰ ਆਉਂਦੇ ਹਨ ਤੇ ਸਾਨੂੰ ਵੀ ਦੱਸ, ਮਹਾਰਾਜ ਜੀ ਹੋਰਾਂ ਮਤਲਬ ਦੱਸੇ ਉਹ ਹੈਰਾਨ ਹੋਏ। (ਆਪਾਂ ਹੁਣ ਸੋਚਦੇ ਹਾਂ ਕਿ ਗੁਰੂ ਸਾਹਿਬ ਜੀ ਜਦੋਂ ਇਸ ਤਰਾਂ ਦਾ ਕੋਈ ਕੌਤਕ ਕਰਦੇ ਹੋਣਗੇ ਤੇ ਸਾਰੀ ਦੁਨੀਆਂ ਨੂੰ ਆ ਕੇ ਦੇਖਣਾ ਚਾਹੀਦਾ ਸੀ। ਇਸ ਤਰਾਂ ਨਹੀ ਹੁੰਦਾ। ਜਦੋਂ ਅੱਠਵੇਂ ਪਾਤਸ਼ਾਹ ਜੀ ਨੇ ਗੂੰਗੇ ਬੋਲੇ ਕੋਲੋਂ ਅਰਥ ਕਰਵਾਏ ਕੋਈ ਸਾਰੀ ਦੁਨੀਆਂ ਨਹੀਂ ਉੱਥੇ ਆ ਗਈ ਸੀ। ਦਸਵੇਂ ਪਾਤਸ਼ਾਹ ਜੀ ਦੀ ਕੁਝ ਦਿਨਾਂ ਦੀ ਸਰੀਰਕ ਆਯੂ ਸੀ ਜਦੋਂ ਭੀਖਣ ਸ਼ਾਹ ਦੋ ਕੁੱਜੀਆਂ ਲੈ ਕੇ ਗਿਆ ਸਾਰੀ ਦੁਨੀਆਂ ਨਹੀਂ ਦੇਖਣ ਗਈ ਸੀ। ਇਸ ਮਨ ਨੂੰ ਕੋਈ ਸਮਝ ਨਹੀਂ ਹੁੰਦੀ। ਸੋ ਜੋ ਕੁਝ ਸੁਣ ਲੈਂਦਾ ਹੈ ਥੋੜੇ ਚਿਰ ਲਈ ਅਸਚਰਜ ਹੁੰਦਾ ਹੈ ਤੇ ਫੇਰ ਉਸੇ ਤਰਾਂ ਹੀ ਆਪਣੀ ਖੇਡ ਵਿਚ ਲੱਗਾ ਰਹਿੰਦਾ ਹੈ।)
ਮਹਿਤਾ ਕਾਲੂ ਜੀ ਕਹਿੰਦੇ ਕਿ ਇਹਦਾ ਰੱਬ ਵਾਲੇ ਪਾਸੇ ਧਿਆਨ ਹੈ, ਪਰ ਉਹ ਤੇ ਬਾਅਦ ਵਿਚ ਕਰਨਾ ਸੀ ਅਜੇ ਇਹਨੂੰ ਚਾਹੀਦਾ ਸੀ ਪਾਂਧੇ ਪਾਸੋਂ ਪੜ੍ਹਾਈ ਕਰੇ, ਪਰ ਇਹਦਾ ਓਧਰ ਧਿਆਨ ਨਹੀਂ ਹੈ, ਇਸ ਤਰਾਂ ਸੋਚਦੇ ਰਾਤ ਲੰਘ ਗਈ। ਸਵੇਰ ਹੋਈ ਮਹਿਤਾ ਕਾਲੂ ਜੀ ਆਪ ਮਹਾਰਾਜ ਜੀ ਹੋਰਾਂ ਨੂੰ ਲੈ ਕੇ ਪਾਂਧੇ ਕੋਲ ਗਏ ਪਾਂਧੇ ਨੇ ਪੁੱਛਿਆ ਨਾਨਕ ਤੂੰ ਕੱਲ ਕਿਉਂ ਨਹੀਂ ਆਇਆ ਸੀ? ਮਹਾਰਾਜ ਜੀ ਉਸੇ ਤਰਾਂ ਥੱਲੇ ਨੀਵੀਂ ਪਾਈ ਖਲੋ ਗਏ ਕੋਈ ਜੁਆਬ ਨਹੀਂ ਦਿਤਾ। ਫਿਰ ਪਾਂਧੇ ਨੇ ਮਹਾਰਾਜ ਜੀ ਹੋਰਾਂ ਨੂੰ ਤਖ਼ਤੀ ‘ਤੇ ਹਿੰਦੀ ਵਿੱਚ ਕ ਖ ਗ ਲਿੱਖ ਦਿੱਤਾ ਤੇ ਕਿਹਾ ਕਿ ਤੂੰ ਇਸ ਉਪਰ ਪੱਕੀ ਸਿਆਹੀ ਨਾਲ ਲਿੱਖ ਤੇ ਨਾਲੇ ਯਾਦ ਕਰ।
ਮਹਾਰਾਜ ਕਹਿੰਦੇ ਪਾਂਧਾ ਜੀ ਤੁਸੀਂ ਆਪ ਪੜ੍ਹੇ ਹੋ?
ਪਾਂਧੇ ਨੂੰ ਅਸਚਰਜਤਾ ਹੋਈ ਕਿਉਂਕਿ ਇਸ ਤਰਾਂ ਦਾ ਸਵਾਲ ਕਦੀ ਕਿਸੇ ਨੇ ਨਹੀ ਕੀਤਾ ਸੀ। ਕਹਿੰਦਾ ਹਾਂ ਨਾਨਕ ਮੈ ਸਭ ਕੁਝ ਪੜ੍ਹਿਆ ਹਾਂ ਜਮਾਂ, ਘਟਾਓ, ਆਮਦਨ, ਖਰਚ, ਗਿਣਤੀ, ਮਿਣਤੀ, ਲੈਣਾ, ਦੇਣਾ, ਸਵਾਇਆ, ਡੇਢਾ, ਢਾਇਆ, ਪੌਣੇ ਇਹ ਸਾਰੇ ਪਹਾੜੇ ਸਾਰਾ ਹਿਸਾਬ ਮੈਨੂੰ ਆਉਂਦਾ ਹੈ ਸ਼ਬਦ ਵੀ ਮੈਨੂੰ ਆਉਂਦੇ ਹਨ, ਭਾਸ਼ਾ ਆਉਂਦੀ ਹੈ, ਮੈ ਤੈਨੂੰ ਸਭ ਕੁਝ ਪੜਾਵਾਂਗਾ।
ਮਹਾਰਾਜ ਜੀ ਕਹਿੰਦੇ ਕਿ ਜੇ ਤੂੰ ਪੜਿਆ ਹੈਂ ਫੇਰ ਦੱਸ ਕਿ ਜੋ ਪਹਿਲਾ ਅੱਖਰ ਲਿਖਿਆ ਹੈ 'ਕ' ਜਿਸ ਨੂੰ ਕਹਿੰਦਾ ਹੈਂ ਇਸ ਦਾ ਕੀ ਮਤਲਬ ਹੈ? ਪਾਂਧੇ ਨੂੰ ਮਤਲਬ ਦਾ ਨਹੀਂ ਪਤਾ, ਚੁੱਪ ਰਿਹਾ ਹੈਰਾਨ ਹੋ ਰਿਹਾ ਹੈ ਕਿ ਛੋਟਾ ਜਿਹਾ ਬਾਲਕ ਕਿਹੋ ਜਿਹੇ ਸਵਾਲ ਕਰਦਾ ਹੈ। ਮਹਾਰਾਜ ਜੀ ਕਹਿੰਦੇ ਇਹ ਜੋ ਕੁਝ ਤੂੰ ਪੜ੍ਹਾ ਰਿਹਾ ਹੈਂ ਇਹ ਦੁਨੀਆਂ ਦੇ ਕਾਰਜ ਚਲਾਉਣ ਵਾਸਤੇ ਹੈ ਇਸ ਪੜ੍ਹਾਈ ਨਾਲ ਦੁਨੀਆਂ ਵਿਚ ਸਬੰਧ ਪੈਦਾ ਹੁੰਦਾ ਹੈ ਤੇ ਉਹ ਸਬੰਧ ਬੰਧਨ ਬਣਦਾ ਹੈ। ਜਨਮ ਮਰਨ ਦਾ ਕਾਰਨ ਬਣਦਾ ਹੈ, ਤੂੰ ਸਾਨੂੰ ਕੋਈ ਜਨਮ ਮਰਨ ਵਿਚੋਂ ਨਿਕਲਣ ਦੀ ਪੜ੍ਹਾਈ ਕਰਾ।
ਪਾਂਧਾ ਕਹਿੰਦਾ ਜੀ ਉਹ ਤੇ ਮੈਨੂੰ ਪਤਾ ਨਹੀਂ ਜੇ ਤੈਨੂੰ ਪਤਾ ਹੈ ਤੇ ਤੂੰ ਦੱਸ। ਮਹਾਰਾਜ ਜੀ ਹੁਰਾਂ ਤਖ਼ਤੀ ਦਾ ਦੂਸਰਾ ਪਾਸਾ ਉਲਟਾ ਕੇ ਜੋ ਖਾਲੀ ਸੀ ਦੇ ਉੱਪਰ ਗੁਰਮੁਖੀ ਦੇ ਅੱਖਰ ਲਿਖੇ ਤੇ ਫਿਰ ਹਰ ਇੱਕ ਅੱਖਰ ਦਾ ਮਤਲਬ ਪਾਂਧੇ ਨੂੰ ਸਮਝਾਇਆ।
(ਗੁਰਮੁਖੀ ਤੋਂ ਭਾਵ ਜੋ ਗੁਰੂ ਜੀ ਦੇ ਮੁੱਖ ਚੋਂ ਨਿਕਲੇ ਹੋਏ ਸ਼ਬਦ, ਆਪਾਂ ਪੰਜਾਬੀ ਕਹਿ ਦਿੰਦੇ ਹਾਂ ਜੀ ਪਰ ਕਹਿਣਾ ਹੀ ਗੁਰਮੁਖੀ ਚਾਹੀਦਾ ਹੈ, ਇੱਕ ਤੇ ਗੁਰਮੁਖੀ ਕਹਿਣ ਨਾਲ ਉਸੇ ਵੇਲੇ ਮਹਾਰਾਜ ਜੀ ਹੁਰਾਂ ਦੀ ਯਾਦ ਆਉਂਦੀ ਹੈ ਤੇ ਦੂਜਾ ਉਹਨਾਂ ਦਾ ਪਰਉਪਕਾਰ ਯਾਦ ਆਉਂਦਾ ਹੈ ਕਿ ਅੱਜ ਆਪਣੇ ਕੋਲ ਗੁਰਬਾਣੀ ਨਾ ਹੁੰਦੀ ਤਾਂ ਆਪਣੇ ਕੋਲ ਕੀ ਹੁੰਦਾ, ਕੁਝ ਵੀ ਨਹੀਂ)
ਮਹਾਰਾਜ ਜੀ ਨੇ ਇਸ ਦਾ ਨਾਂ ਰੱਖਿਆ 'ਪੱਟੀ ਲਿਖੀ'। ਸਭ ਤੋਂ ਪਹਿਲੀ ਬਾਣੀ ਗੁਰੂ ਨਾਨਕ ਸਾਹਿਬ ਜੀ ਹੁਰਾਂ ਇਹ ਉਚਾਰੀ ਆਸਾ ਰਾਗ ਵਿੱਚ। ਇਹ ਸੱਤ ਸਾਲ ਦੀ ਸਰੀਰਕ ਆਯੂ ਵਿਚ ਸਭ ਤੋਂ ਪਹਿਲੀ ਬਾਣੀ ਹੈ ਸੋ ਇਸ ਨੂੰ ਆਦਿ ਬਾਣੀ ਕਰਕੇ ਵੀ ਜਾਣਿਆ ਜਾਂਦਾ ਹੈ। ਬਹੁਤ ਧਿਆਨ ਨਾਲ ਆਪਾਂ ਵਿਚਾਰਨਾ ਜੀ ਮਹਾਰਾਜ ਜੀ ਕੀ ਦੱਸ ਰਹੇ ਹਨ।
ਰਾਗ ਆਸਾ ਮ: ੧ ਪੱਟੀ ਲਿਖੀ ੴ ਸਤਿਗੁਰ ਪ੍ਰਸਾਦਿ ॥
ਸਭ ਤੋਂ ਪਹਿਲਾਂ ਮਹਾਰਾਜ ਜੀ ਹੁਰਾਂ ਨੇ ਮੁੱਖ ਚੋ 'ਸ' ਸ਼ਬਦ ਉਚਰਿਆ, ਗੁਰਮੁਖੀ ਵਿਚ ਇਸ ਦਾ ਭਾਵ ਹੈ ਸ੍ਰੇਸ਼ਟ, ਉੱਤਮ।
ਜਿਸ ਤਰਾਂ ਕਿਸੇ ਸ਼ਬਦ ਦੇ ਅੱਗੇ ਕੁ ਲੱਗ ਜਾਏ ਤਾਂ ਉਹ ਮਾੜਾ ਹੋ ਜਾਂਦਾ ਹੈ ਤੇ ਜੇ ਸ ਲੱਗ ਜਾਏ ਤਾਂ ਉੱਤਮ ਹੋ ਜਾਂਦਾ ਹੈ। ਜਿਸ ਤਰਾਂ ਸ਼ਬਦ ਹੈ- ਕੁਚੱਜ ਤੇ ਸੁਚੱਜ। ਸੋ ਸਸਾ ਜਿਸ ਸ਼ਬਦ ਦੇ ਅੱਗੇ ਲੱਗ ਜਾਏ ਉਹ ਸ਼ਬਦ ਸ੍ਰੇਸ਼ਟ ਗੁਣਾਂ ਵਾਲਾ ਸ਼ਬਦ ਹੋ ਜਾਂਦਾ ਹੈ ਇਸ ਲਈ ਮਹਾਰਾਜ ਜੀ ਹੋਰਾਂ ਨੇ ਜੋ ਪਹਿਲਾ ਅੱਖਰ ਉਚਾਰਿਆ ਉਹ 'ਸ' ਹੈ।
ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ ॥
ਸੇਵਤ ਰਹੇ ਚਿਤੁ ਜਿਨੑ ਕਾ ਲਾਗਾ ਆਇਆ ਤਿਨੑ ਕਾ ਸਫਲੁ ਭਇਆ ॥੧॥
ਕਹਿੰਦੇ 'ਸ' ਜੋ ਅਸੀਂ ਲਿਖਿਆ ਹੈ ਇਹਦਾ ਮਤਲਬ ਕਿ ਇਹ ਸੱਚਾ ਪਰਮੇਸ਼ਰ ਕਹਿੰਦਾ ਹੈ। ਜਿਸ ਨੇ ਸ੍ਰਿਸ਼ਟੀ ਸਾਜੀ ਹੈ, ਉਹ ਸਾਰਿਆਂ ਦਾ ਸਾਹਿਬ ਹੈ, ਸਾਰਿਆਂ ਦਾ ਮਾਲਕ ਹੈ। ਪਾਂਧਾ ਜੀ ਜੇ ਤੁਹਾਡੇ ਅੱਖਰ ਪਰਮੇਸ਼ਰ ਜੀ ਦੀ ਯਾਦ ਨਹੀਂ ਦਿਵਾਉਂਦੇ, ਪਰਮੇਸ਼ਰ ਦੀ ਗੱਲ ਨਹੀਂ ਕਰਦੇ, ਉਹ ਅਸੀਂ ਨਹੀਂ ਪੜ੍ਹਨਾ ਚਾਹੁੰਦੇ ਅਸੀਂ ਸਿਰਫ ਓਹੀ ਅੱਖਰ ਪੜ੍ਹਨਾ ਚਾਹੁੰਦੇ ਹਾਂ ਜਿਹੜੇ ਅੱਖਰ ਸਿਰਫ ਪਰਮੇਸ਼ਰ ਜੀ ਦੀ ਹੀ ਗੱਲ ਕਰਨ।
ਮਨ ਕਾਹੇ ਭੂਲੇ ਮੂੜ ਮਨਾ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ
ਏ ਮਨਾ ਤੂੰ ਕਿਉਂ ਭੁੱਲ ਗਿਆ ਹੈਂ, ਕਿਉਂ ਭੁਲਾ ਦਿੱਤਾ ਹੈ ਉਸਨੂੰ ਜੋ ਤੇਰਾ ਸਾਹਿਬ ਹੈ ਜੋ ਮਾਲਕ ਹੈ। ਕਹਿੰਦੇ ਪਾਂਧਾ ਜੀ, ਜੇ ਤੂੰ ਲੇਖਾ ਦੇਵੇਂ ਪਰਮਾਤਮਾ ਨੂੰ ਤੇ ਤਾਂ ਅਸੀਂ ਤੈਨੂੰ ਪੜਿਆ ਗਿਣਦੇ ਹਾਂ, ਤੂੰ ਕਹਿੰਦਾ ਤਾਂ ਹੈਂ ਕਿ ਮੈਂ ਪੜਿਆ ਹਾਂ।
ਮੈਂ ਸਭ ਕੁਝ ਜਾਣਦਾ ਪਰ ਜੇ ਤੁਸੀਂ ਪਰਮੇਸ਼ਰ ਨੂੰ ਲੇਖਾ ਦਿਓ ਤੇ ਫਿਰ ਅਸੀਂ ਜਾਣਾਗੇ ਕਿ ਤੁਸੀਂ ਪੜੇ ਹੋ। ਲੇਖੇ ਦਾ ਕੀ ਭਾਵ ਹੈ ਕਿ ਜਿਸ ਪਰਮੇਸ਼ਰ ਨੇ ਮਾਨਸ ਦੇਹੀ ਦਿੱਤੀ ਹੈ ਹੱਥ ਪੈਰ ਦਿੱਤੇ ਹਨ ਇਹ ਨੇਤ੍ਰ ਰਸਨਾ ਤੇ ਐਨੀ ਸ੍ਰੇਸ਼ਟ ਬੁੱਧੀ ਦਿੱਤੀ ਹੈ। ਜਿਸ ਨੇ ਐਨਾ ਕੁਝ ਦਿੱਤਾ ਹੈ ਉਸ ਦੇ ਬਦਲੇ ਆਪਾਂ ਉਸ ਨੂੰ ਕੀ ਦਿੱਤਾ ਹੈ? ਤੇ ਮਹਾਰਾਜ ਜੀ ਕਹਿੰਦੇ ਕਿ ਜੋ ਪਰਮੇਸ਼ਰ ਨੇ ਤੈਨੂੰ ਦਿੱਤਾ ਹੈ ਤੂੰ ਵੀ ਓਨੀ ਸੇਵਾ ਉਸ ਦੀ ਕਰ ਜਿੰਨੀ ਸੇਵਾ ਉਸ ਨੇ ਤੇਰੀ ਕੀਤੀ ਹੈ। ਸਾਰੀ ਸ੍ਰਿਸ਼ਟੀ ਵਿਚੋਂ ਜੋ ਉੱਤਮ ਦੇਹੀ ਹੈ ਉਹ ਤੈਨੂੰ ਬਖਸ਼ੀ ਹੈ, ਉੱਤਮ ਬੁੱਧੀ ਬਖਸ਼ੀ ਹੈ, ਤੂੰ ਜੇ ਉਹ ਲੇਖਾ ਪੂਰਾ ਵਾਪਸ ਕਰੇਂ ਤੇ ਤਾਂ ਅਸੀਂ ਮੰਨਾਂਗੇ ਕਿ ਤੂੰ ਪੜਿਆ ਹੈਂ।
ਦੂਸਰਾ ਜੋ ਅੱਖਰ ਮਹਾਰਾਜ ਜੀ ਹੁਰਾਂ ਦੇ ਮੁੱਖ ਚੋਂ ਨਿਕਲਿਆ ਉਹ 'ੲ' ਹੈ। ਈੜੀ ਤੋਂ ਭਾਵ ਹੈ ਕਿ ਜੋ ਪਰਮੇਸ਼ਰ ਹੈ ਇੱਕ ਹੈ, ਉਹ ਆਦਿ ਪੁਰਖ ਹੈ, ਉਸ ਤੋਂ ਹਰ ਇੱਕ ਚੀਜ਼ ਦਾ ਆਦਿ ਹੁੰਦਾ ਹੈ, ਹਰ ਇੱਕ ਚੀਜ਼ ਉਹਦੇ ਤੋਂ ਪੈਦਾ ਹੁੰਦੀ ਹੈ, ਉਹਦੇ ਤੋਂ ਘੜੀ ਜਾਂਦੀ ਹੈ।
ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ ॥
ਉਹ ਇੱਕ ਹਮੇਸ਼ਾ ਉਸੇ ਤਰਾਂ ਦਾ ਸਥਿਰ ਰਹਿੰਦਾ ਹੈ ਬਾਕੀ ਜੋ ਕੁਝ ਵੀ ਹੈ ਉਹ ਭੱਜਦਾ ਘੜਦਾ ਰਹਿੰਦਾ ਹੈ।
ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ ॥
ਕਹਿੰਦੇ ਕਿ ਆਹ ਜੋ ਅੱਖਰ ਅਸੀਂ ਲਿਖਣ ਲੱਗੇ ਹਾਂ ਇਹਨਾਂ ਅੱਖਰਾਂ ਵਿਚੋਂ ਜਿਹੜਾ ਉਹ ਅੱਖਰ ਲੱਭ ਲਵੇ ਕਿ ਕਿਹੜੇ ਅੱਖਰਾਂ ਦਾ ਜਾਪ ਕਰਨਾ ਹੈ ਉਹਦੇ ਸਿਰ ਤੇ ਕੋਈ ਲੇਖਾ ਨਹੀਂ ਰਹਿਣਾ ( ਤੇ ਫਿਰ ਆਪ ਹੀ ਦੱਸਿਆ ਕਿ ਉਹ ਅੱਖਰ ਵਾਹਿਗੁਰੂ ਹੈ)…
ਭਾਵੇਂ ਦੱਸ ਦਿੱਤਾ ਕਿ ਉਹ ਅੱਖਰ ਵਾਹਿਗੁਰੂ ਹੈ ਪਰ ਬੁੱਝਣਾ ਫਿਰ ਵੀ ਭਗਤੀ ਕਰਕੇ ਹੋਵੇਗਾ। ਕਹਿੰਦੇ ਅੱਖਰ ਸਾਰੇ ਹੀ ਇੱਕ ਪਰਮੇਸ਼ਰ ਦੀ ਗੱਲ ਕਰਦੇ ਹਨ ਪਰ ਕਿਹੜਾ ਅੱਖਰ ਲੈ ਕੇ ਪਰਮੇਸ਼ਰ ਦਾ ਨਾਮ ਜਪਣਾ, ਉਹ ਜਪ ਕੇ ਫਿਰ ਪਰਮੇਸ਼ਰ ਜੀ ਨੂੰ ਬੁੱਝਣਾ, ਮਹਿਸੂਸ ਕਰਨਾ, ਪ੍ਰਗਟ ਕਰਨਾ ਤੇ ਉਸ ਵਿਚ ਸਮਾਉਣਾ ਹੈ।
ਉਸ ਤੋਂ ਅੱਗੇ 'ੳ' ਅੱਖਰ ਆਉਂਦਾ ਹੈ।
ਊੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤੁ ਨ ਪਾਇਆ ॥
ਕਹਿੰਦੇ ੳ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਿਰਫ ਇੱਕ ਦੀ ਹੀ ਉਪਮਾ ਕਰਨੀ ਚਾਹੀਦੀ ਹੈ ਜਿਸਦਾ ਕੋਈ ਅੰਤ ਨਹੀਂ ਹੈ। ਉਹੀ ਇੱਕ ਉਪਮਾ ਕਰਨ ਦੇ ਲਾਇਕ ਹੈ ਬਾਕੀ ਕੋਈ ਪ੍ਰਾਣੀ ਉਪਮਾ ਦੇ ਲਾਇਕ ਨਹੀਂ ਕਿਉਂ ਕਿ ਹਰ ਇਕ ਪ੍ਰਾਣੀ ਦਾ ਅੰਤ ਹੈ, ਪ੍ਰਾਣੀ ਦੇ ਗਿਣੇ ਮਿਥਵੇ ਦਿਨ ਹਨ। ਇੱਕੋ ਪਰਮੇਸ਼ਰ ਜੀ ਹੈ ਜਿਸਦਾ ਅੰਤ ਨਹੀਂ।
ਸੇਵਾ ਕਰਹਿ ਸੇਈ ਫਲੁ ਪਾਵਹਿ ਜਿਨੑੀ ਸਚੁ ਕਮਾਇਆ ॥੩॥
ਸੇਵਾ ਕਰੇ ਨਾਮ ਜਪੇ- ਜਿਹੜਾ ਨਾਮ ਜਪੇ ਸੱਚ ਕਮਾਵੇ ਉਹਨੂੰ ਫਲ ਮਿਲੂ ਤੇ ਫਲ ਕੀ ਹੈ, ਗਿਆਨ।
ਙੰਙਾ ਙਿਆਨੁ ਬੂਝੈ ਜੇ ਕੋਈ ਪੜਿਆ ਪੰਡਿਤੁ ਸੋਈ ॥
ਮਹਾਰਾਜ ਜੀ ਪਾਂਧੇ ਜੀ ਨੂੰ ਕਹਿੰਦੇ, ਜੇ ਤੁਸੀਂ ਬੁੱਝੋਗੇ ਪਰਮੇਸ਼ਰ ਨੂੰ ਤੇ ਪਰਮੇਸ਼ਰ ਜੀ ਤੁਹਾਨੂੰ ਗਿਆਨ ਦੇਣਗੇ, ਤਾਂ ਤੁਹਾਨੂੰ ਅਸੀਂ ਪੜਿਆ ਪੰਡਿਤ ਆਖਾਂਗੇ।
ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ ॥
ਜਦੋਂ ਬੁੱਝੋਗੇ ਕਿ ਪਰਮਾਤਮਾ ਇੱਕ ਹੈ ਤੇ ਸਾਰਿਆਂ ਵਿਚ ਉਹੀ ਇੱਕ ਵਰਤ ਰਿਹਾ ਹੈ, ਵਰਤ ਹੀ ਸਿਰਫ ਪਰਮਾਤਮਾ ਰਿਹਾ ਹੈ ਹੋਰ ਕੁਝ ਹੈ ਹੀ ਨਹੀਂ, ਮੈਂ ਵੀ ਨਹੀਂ ਹਾਂ ਕੋਈ ਦੂਸਰਾ ਵੀ ਹੋਰ ਨਹੀਂ ਹੈ ਸਿਰਫ ਇੱਕ ਪਰਮੇਸ਼ਰ ਜੀ ਹਨ।
ਅੱਗੇ 'ਕ' ਅੱਖਰ ਆਉਂਦਾ ਹੈ।
ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ ॥
ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ ॥੫॥
ਮਹਾਰਾਜ ਜੀ ਕਹਿੰਦੇ, ਜਦੋਂ ਕੇਸ ਸਫੇਦ ਹੋ ਜਾਂਦੇ ਉਹਨਾਂ ਨੂੰ ਭਾਵੇਂ ਕੋਈ ਆਖੇ ਕਿ ਮੈਂ ਸਾਬਣ ਨਹੀਂ ਲਾਉਣਾ ਤੇ ਇਹ ਸ਼ਾਇਦ ਫਿਰ ਕਾਲੇ ਹੋ ਜਾਣਗੇ। ਕਿਉਂ ਕਿ ਬਾਕੀ ਚੀਜਾਂ ਨੂੰ ਜੇ ਸਾਬਣ ਨਾਂ ਲਾਈਏ ਉਹ ਚਿੱਟੀਆਂ ਨਹੀਂ ਰਹਿੰਦੀਆਂ ਤੇ ਮਹਾਰਾਜ ਜੀ ਕਹਿੰਦੇ ਕਿ ਜੇ ਸਾਬਣ ਨਾਂ ਲਾਵਾਂਗੇ ਫਿਰ ਵੀ ਉਹਨਾਂ ਉਜਲੇ ਰਹਿਣਾ। ਇਹਨਾਂ ਸਫੇਦ ਵਾਲਾਂ ਦਾ ਮਤਲਬ ਕੀ ਹੈ ਕਿ ਧਰਮਰਾਇ ਦਾ ਸੁਨੇਹਾ ਆ ਗਿਆ ਤੈਨੂੰ ਲੈਣ ਲਈ ਦੂਤ ਤੁਰ ਪਏ ਹਨ।
'ਕ' ਦਾ ਮਤਲਬ ਦਾ ਮਹਾਰਾਜ ਜੀ ਕਹਿੰਦੇ ਇਹ ਹੈ ਕਿ ਜਦੋਂ ਤੇਰੇ ਸਫੇਦ ਵਾਲ ਹੋਣਗੇ ਕਕਾ ਤੈਨੰ ਯਾਦ ਕਰਾਊ ਕਿ ਉਪਰੋਂ ਧਰਮਰਾਇ ਦੇ ਜਮਦੂਤ ਤੁਰ ਪਏ ਹਨ ਤੈਨੂੰ ਲੈਣ ਤੇ ਏਧਰੋਂ ਤੂੰ ਦੇਖੇਂਗਾ ਕਿ ਤੂੰ ਬੰਧਨਾਂ ਵਿਚ ਪਿਆ ਹੋਇਆ ਹੈਂ, ਦੁਨੀਆਂ ਦੇ ਬੰਧਨਾਂ ਵਿੱਚ ਤੇ ਇਸ ਕਰਕੇ ਉਹਨਾਂ ਨੇ ਲੈਣ ਆਉਣਾ ਹੈ। ਜੇ ਤੂੰ ਦੁਨੀਆਂ ਦੇ ਬੰਧਨਾਂ ਵਿਚ ਨਹੀਂ ਪਿਆ ਹੋਵੇਂਗਾ ਤੇ ਫਿਰ ਤੇ ਉਹ ਆ ਹੀ ਨਹੀਂ ਸਕਦੇ।
ਖਖੈ ਖੁੰਦਕਾਰੁ ਸਾਹ ਆਲਮੁ
ਜਿਸ ਤਰਾਂ ਆਪਾਂ ਨੂੰ ਮਹਾਰਾਜ ਜੀ ਕਹਿੰਦੇ ੴ ਤੇ ਮੁਸਲਮਾਨਾਂ ਲਈ ਸ਼ਬਦ ਆਇਆ ਹੈ ਖੁੰਦਕਾਰ। ੴ ਤੋਂ ਸਾਰੇ ਆਕਾਰ ਬਣੇ ਹਨ ਤੇ ਏਥੇ ਕਹਿੰਦੇ ਖਖੇ ਦਾ ਮਤਲਬ ਹੈ ਖੁੰਦਕਾਰ ਹੈ, ਉਹ ਖੁਦਾ ਜੀਹਦੇ ਤੋਂ ਸਾਰੇ ਅਕਾਰ ਬਣੇ। ਦੇਖੋ ਕਿਸ ਤਰਾਂ ਹਰ ਇੱਕ ਨੂੰ ਉਹਦੀ ਭਾਸ਼ਾ ਬੋਲ ਕੇ ਸਮਝਾਉਂਦੇ ਹਨ ਕਿ ਉਹ ਜਿਹੜਾ ਖੁਦਾ ਹੈ ਉਹ ਸਾਰੀ ਦੁਨੀਆਂ ਦਾ ਸ਼ਾਹ ਹੈ।
ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ ॥
ਜੀਹਨੇ ਖਰੀਦ ਕੇ ਆਪਾਂ ਨੂੰ ਖਰਚ ਦੇ ਕੇ ਭੇਜਿਆ ਹੈ ਇਸ ਦੁਨੀਆਂ ਵਿਚ (ਖਰਚ ਕੀ ਸੁਆਸ ਆਪਣੇ) ਉਹਦੇ ਹੱਥ ਵਿਚ ਆਪਾਂ ਹਾਂ, ਸੋ ਉਸ ਨੇ ਆਪਾਂ ਨੂੰ ਖਰੀਦਿਆ ਹੋਇਆ ਹੈ ਕਿ ਤੂੰ ਉਸ ਦੁਨੀਆਂ ਤੇ ਜਾ ਕੇ ਇੱਕ ਸੱਚਾ ਸੌਦਾ ਕਰਕੇ ਆ ਤੇ ਉਹ ਸੌਦਾ ਕਰਨ ਲਈ ਪੂੰਜੀ ਦਿੱਤੀ ਸੁਆਸਾਂ ਦੀ ਕਿ ਆਹ ਧਨ ਲੈ ਜਾ ਇਹਨਾਂ ਨਾਲ ਸੱਚਾ ਸੌਦਾ ਕਰਕੇ ਆ। ਖਰਚ ਪੱਲੇ ਬੰਨਕੇ ਭੇਜਿਆ ਖਾਲੀ ਨਹੀਂ ਭੇਜਿਆ।
ਬੰਧਨਿ ਜਾ ਕੈ ਸਭੁ ਜਗੁ ਬਾਧਿਆ ਅਵਰੀ ਕਾ ਨਹੀ ਹੁਕਮੁ ਪਇਆ ॥
ਕਿ ਉਸ ਖੁਦਾ ਦੇ ਹੁਕਮ ਵਿਚ ਸਾਰਾ ਜੱਗ ਹੈ, ਹੋਰ ਕਿਸੇ ਦੇ ਹੁਕਮ ਵਿੱਚ ਨਹੀਂ ਹੈ, ਕੋਈ ਰਾਜਾ ਸਮਝੇ ਕਿ ਮੇਰੇ ਹੁਕਮ ਵਿਚ ਹੈ- ਨਹੀਂ - ਸਾਰਾ ਸੰਸਾਰ ਉਸ ਪਰਮੇਸ਼ਰ ਜੀ ਦੇ ਹੁਕਮ ਵਿੱਚ ਹੈ।
ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦੁ ਗਰਬਿ ਭਇਆ ॥
ਆਪਾਂ ਨੂੰ ਯਾਦ ਕਰਾਇਆ ਕਿ ਜਿਹੜੇ ਪ੍ਰਾਣੀ ਗੋਬਿੰਦ ਦਾ ਜਸ ਨਹੀਂ ਗਾਉਂਦੇ ਤੇ ਪਰਮੇਸ਼ਰ ਦੀਆਂ ਗੱਲਾਂ ਹੀ ਕਰਦੇ ਰਹਿੰਦੇ ਉਹਨਾਂ ਦੇ ਅੰਦਰ ਹੰਕਾਰ ਆ ਜਾਏਗਾ ਕਿ ਮੈਨੂੰ ਪਤਾ ਹੈ। ਦੂਸਰਿਆਂ ਨੂੰ ਬੜੇ ਦਾਅਵੇ ਨਾਲ ਦੱਸਣਗੇ ਕਿ ਇਸ ਤਰਾਂ ਹੈ ਜਾਂ ਉਸ ਤਰਾਂ ਹੈ।
ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ ॥੭॥
ਮਹਾਰਾਜ ਜੀ ਕਹਿੰਦੇ ਇਹ ਜੋ ਕੱਚਾ ਭਾਂਡਾ ਪ੍ਰਾਣੀ ਨੂੰ ਦੇ ਕੇ ਪਰਮੇਸ਼ਰ ਜੀ ਸੰਸਾਰ ਵਿੱਚ ਭੇਜਦੇ ਕਿ ਤੂੰ ਇਹ ਸੁਆਸਾਂ ਦੀ ਗਰਮ ਆਵੀ ਲੈ ਜਾ ਤੂੰ ਇਹਦੇ ਨਾਲ ਇਸ ਭਾਂਡੇ ਨੂੰ ਪਕਾ ਫੇਰ ਇਹ ਭਾਂਡਾ ਨਾਂ ਟੁੱਟੇਗਾ ਨਾਂ ਮੌਤ ਹੋਵੇਗੀ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਕੱਚੇ ਭਾਂਡੇ ਰਹਿ ਜਾਣਗੇ ਉਹਨਾਂ ਨੂੰ ਉਸ ਆਵੀ ਵਿਚ ਉਹ ਆਪ ਪਾਉਂਦਾ ਹੈ। ਉਹ ਆਵੀ ਕੀ ਹੈ, ਚੁਰਾਸੀ ਲੱਖ ਜੂਨ। ਸੋ ਆਪਾਂ ਨੂੰ ਸੁਰਤੀ ਏਨੀ ਦ੍ਰਿੜ ਕਰਕੇ ਰੱਖਣੀ ਚਾਹੀਦੀ ਹੈ ਕਿ ਆਪਾਂ ਕਿਸ ਕਾਰਜ ਲਈ ਆਏ ਹਾਂ? ਬਾਕੀ ਜੋ ਕੁਝ ਆਪਾਂ ਚਾਹੁੰਦੇ ਹਾਂ ਉਹ ਤੇ ਫਿਰ ਆਪਣੇ ਮਗਰ ਮਗਰ ਤੁਰਿਆ ਫਿਰੇਗਾ। ਜਿਹਨੇ ਪਰਮੇਸ਼ਰ ਦਾ ਗੁਰੂ ਨਾਨਕ ਸਾਹਿਬ ਦਾ ਲੜ ਫੜ ਲਿਆ- ਮਾਇਆ ਵੱਲ ਤੇ ਉਹ ਦੇਖਦਾ ਵੀ ਨਹੀਂ।
ਘਘੈ ਘਾਲ ਸੇਵਕੁ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ ॥
ਮਹਾਰਾਜ ਜੀ ਕਹਿੰਦੇ ਕਿ ਸੇਵਕ ਉਹ ਹੈ, ਉਹਦੀ ਘਾਲਣਾ ਥਾਂਏ ਪੈਂਦੀ ਹੈ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜਿਆ ਰਹੇ (ਪਹਿਲਾਂ ਜੀ ਆਪਾਂ ਨੂੰ ਬਾਹਰੋਂ ਵਾਹਿਗੁਰੂ ਵਾਹਿਗੁਰੂ ਕਰਨਾਂ ਪੈਦਾਂ ਹੈ ਫੇਰ ਦੱਸਦੇ ਕਿ ਅੰਦਰੋਂ ਪਰਗਟ ਹੋ ਜਾਂਦਾ ਫਿਰ ਆਪਾਂ ਉਹਨੂੰ ਸੁਣਦੇ ਰਹਿੰਦੇ, ਹਰ ਵਕਤ ਮਹਿਸੂਸ ਕਰਦੇ ਤੇ ਫਿਰ ਤੁਸੀਂ ਉਹੀ ਹੋ ਜਾਂਦੇ ਹੋ, ਬਹੁਤ ਅਨੰਦ ਵਰਤਦਾ, ਸ਼ੁਰੂ ਵਿਚ ਘਾਲਣਾ ਜ਼ਿਆਦਾ ਘਾਲਣੀ ਪੈਂਦੀ)
ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ ॥
ਇਹ ਬੁਰਾ ਭਲਾ ਬਰਾਬਰ ਜਾਣੇ ਜੇ ਕਦੇ ਨਫਾ ਹੋ ਜਾਂਦਾ, ਜਾਂ ਨੁਕਸਾਨ ਹੋ ਜਾਂਦਾ, ਲਾਭ ਹੋ ਜਾਂਦਾ, ਹਾਨੀ ਹੋ ਜਾਂਦੀ, ਕਦੀ ਨਿੰਦਿਆ ਹੁੰਦੀ ਕਦੀ ਸੋਭਾ ਹੁੰਦੀ, ਕਦੀ ਬਿਮਾਰੀ ਆਉਂਦੀ, ਕਦੀ ਸੁਅਸਥਿ ਅਵਸਥਾ ਆਉਂਦੀ, ਕਦੀ ਕਲੇਸ਼ ਆਉਂਦਾ ਅਤੇ ਕਦੀ ਖੁਸ਼ੀ ਆਉਂਦੀ। ਮਹਾਰਾਜ ਜੀ ਕਹਿੰਦੇ ਕਿ ਹਰ ਇੱਕ ਦਸ਼ਾ ਦੇ ਵਿੱਚ ਪਰਮਾਤਮਾ ਦੇ ਨਾਲ ਜੁੜਿਆ ਰਹੇ।
ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ ॥
ਫਿਰ 'ਚ' ਸ਼ਬਦ ਕਹਿੰਦਾ ਹੈ ਕਿ ਪਰਮਾਤਮਾਂ ਨੇ ਚਾਰ ਜੁਗ ਬਣਾਏ ਹਨ ਚਾਰ ਹੀ ਵੇਦ ਬਣਾਏ ਹਨ ਤਾਂ ਕਿ ਪ੍ਰਾਣੀ ਪਰਮੇਸ਼ਰ ਜੀ ਦਾ ਵਿਚਾਰ ਕਰ ਸਕਣ ਤੇ ਚਾਰ ਹੀ ਖਾਣੀਆਂ ਹਨ। ਖਾਣੀ ਤੋਂ ਭਾਵ ਹੈ ਉਹ ਤਰੀਕੇ ਜਿਨਾਂ ਨਾਲ ਪਰਮੇਸ਼ਰ ਜੀ ਇਹ ਰਚਨਾ ਰਚਦੇ ਹਨ। ਇੱਕ ਮਾਤਾ ਦੇ ਗਰਭ ਤੋਂ, ਆਂਡਿਆ ਤੋਂ, ਤੀਸਰਾ ਪਸੀਨੇ ਵਿਚੋਂ ਤੇ ਚੌਥਾ ਧਰਤੀ ਵਿਚੋਂ।
ਜੁਗੁ ਜੁਗੁ ਜੋਗੀ ਖਾਣੀ ਭੋਗੀ ਪੜਿਆ ਪੰਡਿਤੁ ਆਪਿ ਥੀਆ ॥੯॥
ਪਰਮੇਸ਼ਰ ਹੀ ਜੁਗਾਂ ਜੁਗਾਂ ਵਿੱਚ ਉਹ ਇੱਕ ਜੋਗੀ ਰਿਹਾ ਹੈ- ਅਲਿਪਤ, ਉਹੀ ਭੋਗੀ ਬਣ ਕੇ ਭੋਗਦਾ ਰਿਹਾ ਹੈ ਤੇ ਉਹੀ ਆਪ ਹੀ ਪੰਡਿਤ ਹੈ। ਉਸ ਨੂੰ ਹੀ ਸਾਰਾ ਗਿਆਨ ਹੈ।
ਸੋ 'ਚ' ਆਪਾਂ ਨੂੰ ਕਹਿੰਦਾ ਹੈ ਕਿ ਜੋ ਕੁਝ ਵੀ ਹੈ ਪਰਮੇਸ਼ਰ ਜੀ ਸਭ ਕੁਝ ਆਪ ਹੀ ਰਚ ਰਹੇ ਹਨ। ਉਹ ਆਪ ਹੀ ਨਿੰਰਕਾਰ ਰੂਪ ਹਨ ਆਪ ਹੀ ਆਕਾਰ ਰੂਪ ਹਨ ਉਹਨਾਂ ਤੋਂ ਬਿਨਾਂ ਹੋਰ ਕੁਝ ਨਹੀਂ ਹੈ ਪਰ ਫਿਰ ਵੀ ਉਹ ਨਿਰਲੇਪ ਹਨ।
ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ ॥
ਸਾਰਿਆ ਦੇ ਅੰਦਰ ਭਰਮ ਦਾ ਹਨੇਰਾ ਵਰਤਿਆ ਹੋਇਆ ਹੈ ਤੇ ਸਾਫ ਦਿਖਾਈ ਨਹੀਂ ਦਿੰਦਾ। ਆਪਾਂ ਹਨੇਰੇ ਵਿਚ ਹਾਂ ਤਾਂ ਹੀ ਆਪਾਂ ਨੂੰ ਹਰ ਇੱਕ ਵਿਚੋਂ ਪਰਮੇਸ਼ਰ ਨਹੀ ਦਿਸਦਾ। ਆਪਾਂ ਨੂੰ 'ਸਿਰਫ' ਪ੍ਰਮੇਸ਼ਰ ਨਹੀਂ ਦਿਸਦਾ ਸਭ ਕੁਝ ਵੱਖਰਾ ਵੱਖਰਾ ਦਿਸਦਾ ਹੈ ਸੋ 'ਛ' ਆਪਾਂ ਨੂੰ ਦੱਸਦਾ ਹੈ ਕਿ ਭਰਮ ਵੀ ਉਸੇ ਨੇ ਹੀ ਪਾਇਆ ਹੈ।
ਭਰਮੁ ਉਪਾਇ ਭੁਲਾਈਅਨੁ ਆਪੇ
ਤੇਰਾ ਕਰਮੁ ਹੋਆ ਤਿਨ੍ ਗੁਰੂ ਮਿਲਿਆ ॥੧੦॥
ਸਾਰਿਆ ਨੂੰ ਭਰਮ ਪਾ ਕੇ ਭੁਲਾ ਛੱਡਿਆ ਹੈ ਕਿ ਆਹ ਫਲਾਣਾ ਸਿੰਘ ਹੈ ਔਹ ਫਲਾਣਾ ਸਿੰਘ ਹੈ ਤੇ ਮਹਾਰਾਜ ਜੀ ਕਹਿੰਦੇ ਕਿ “ਤੂੰ” ਹੀ ਭਰਮ ਪਾਇਆ ਹੈ ਫਲਾਣਾ ਸਿੰਘ ਕੁਝ ਵੀ ਨਹੀਂ ਹੈ, ਹੈ ਇਕੋ ਤੂੰ ਆਪ ਹੀ, ਫਿਰ ਜੀਹਦੇ ‘ਤੇ ਤੇਰੀ ਬਖਸ਼ਿਸ਼ ਹੋ ਜਾਵੇ ਉਹਨੂੰ ਗੁਰੂ ਮਿਲਦਾ ਹੈ ਤੇ ਫਿਰ ਭਰਮ ਦੂਰ ਹੁੰਦਾ ਹੈ। ਆਪਾਂ ਨੂੰ ਗੁਰੂ ਉਦੋਂ ਮਿਲਦਾ ਹੈ ਜੀ ਜਦੋਂ ਆਪਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹਾਂ। ਉਹਦਾ ਕਰਮ ਹੋਵੇ ਮਿਹਰ ਹੋਵੇ ਫਿਰ ਗੁਰੂ ਮਿਲਦਾ ਹੈ।
-
- ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਸੱਚ ਨੂੰ ਪ੍ਰਗਟ ਕਰਨ ਲਈ ਇੱਕ ਇਲਾਹੀ ਮਾਧਿਅਮ ਵਜੋਂ ਪ੍ਰਗਟ ਕੀਤਾ, ਜਿਸ ਵਿੱਚ ਹਰੇਕ ਅੱਖਰ ਡੂੰਘਾ ਅਧਿਆਤਮਿਕ ਅਤੇ ਦਾਰਸ਼ਨਿਕ ਮਹੱਤਵ ਰੱਖਦਾ ਹੈ। ਸਿਰਫ਼ ਗੱਲਬਾਤ ਕਰਨ ਲਈ ਤਿਆਰ ਕੀਤੀਆਂ ਗਈਆਂ ਲਿਪੀਆਂ ਦੇ ਉਲਟ, ਗੁਰਮੁਖੀ ਸੱਚ ਨੂੰ ਪਹੁੰਚਾਉਣ ਲਈ ਇਲਾਹੀ ਰੂਪ ਵਿੱਚ ਪ੍ਰਗਟ ਹੋਈ ਸੀ। ਅਨੁਵਾਦਾਂ ਦੇ ਮੁਕਾਬਲੇ ਗੁਰਮੁਖੀ ਵਿੱਚ ਗੁਰਬਾਣੀ ਪੜ੍ਹਨਾ ਅਤੇ ਪਾਠ ਕਰਨਾ ਸਾਡੇ ਅਧਿਆਤਮਿਕ ਸਬੰਧ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?
- ਜੀਵਨ ਦੀ ਅਸਥਿਰਤਾ ਦੀ ਯਾਦ ਦਵਾਉਣ ਲਈ ਚਿੱਟੇ ਵਾਲਾਂ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਡੂੰਘੀ ਹੈ। ਅਸੀਂ ਆਪਣੀ ਮੌਤ ਬਾਰੇ ਕਿੰਨੀ ਵਾਰ ਸੋਚਦੇ ਹਾਂ ਅਤੇ ਇਸ ਜਾਗਰੂਕਤਾ ਨਾਲ ਸਾਨੂੰ ਸਾਡੀਆਂ ਤਰਜੀਹਾਂ ਨੂੰ ਕਿਵੇਂ ਆਕਾਰ ਦੇਣਾ ਚਾਹੀਦਾ ਹੈ? ਇਸ ਜੀਵਨ ਤੋਂ ਪਰੇ (ਦੀ) ਯਾਤਰਾ ਲਈ ਸੱਚਮੁੱਚ ਤਿਆਰ ਰਹਿਣ ਦਾ ਕੀ ਅਰਥ ਹੈ?
- ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜ਼ੋਰ ਦਿੱਤਾ ਕਿ ਸਾਡੇ ਕੋਲ ਜੋ ਕੁਝ ਹੈ ਉਹ ਪਰਮਾਤਮਾ ਵੱਲੋਂ ਇੱਕ ਤੋਹਫ਼ਾ ਹੈ। ਅਸੀਂ ਆਪਣੇ ਜੀਵਨ ਨੂੰ /ਰੱਬ ਦੀ ਸੇਵਾ ਵਿੱਚ ਕਿਵੇਂ ਪੇਸ਼ ਕਰਦੇ ਹਾਂ? ਕਿਹੜੇ ਰੋਜ਼ਾਨਾ ਅਭਿਆਸ ਸਾਨੂੰ ਸ਼ੁਕਰਗੁਜ਼ਾਰੀ ਅਤੇ ਸ਼ਰਧਾ ਦੀ ਮਾਨਸਿਕਤਾ ਵਿਕਸਤ ਕਰਨ ਵਿੱਚ ਮਦਦ ਕਰ ਸਕਦੇ ਹਨ?
- ਸਾਰਿਆਂ ਵਿੱਚ ਬ੍ਰਹਮ/ਰੱਬ ਨੂੰ ਪਛਾਣਨਾ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜ਼ੋਰ ਦਿੱਤਾ ਕਿ ਬ੍ਰਹਮ/ਰੱਬ ਸਾਰੇ ਜੀਵਾਂ ਵਿੱਚ ਮੌਜੂਦ ਹੈ। ਅਸੀਂ ਆਪਣੀਆਂ ਅੱਖਾਂ ਨੂੰ ਬਾਹਰੀ ਅੰਤਰਾਂ ਤੋਂ ਪਰੇ ਵੇਖਣ ਅਤੇ ਸਾਰਿਆਂ ਵਿੱਚ ਇੱਕ ਪ੍ਰਕਾਸ਼ ਨੂੰ ਪਛਾਣਨ ਲਈ ਕਿਵੇਂ ਸਿਖਲਾਈ ਦੇ ਸਕਦੇ ਹਾਂ?
• ਸਾਡਾ ਸਾਰਿਆਂ ਵਿੱਚ ਬ੍ਰਹਮ/ਰੱਬ ਨੂੰ ਪਛਾਣਨਾ ਕਿੰਨ੍ਹਾਂ ਤਰੀਕਿਆਂ ਵਿੱਚ/ਨਾਲ ਸਾਡੇ ਦੂਜਿਆਂ ਨਾਲ ਸਬੰਧਾਂ ਅਤੇ ਆਪਸੀ ਤਾਲਮੇਲ ਨੂੰ ਬਦਲਦਾ ਹੈ?
• ਅਸੀਂ ਪੱਖਪਾਤ ਅਤੇ ਹਉਮੈ-ਸੰਚਾਲਿਤ ਨਿਰਣਿਆਂ ਨੂੰ ਕਿਵੇਂ ਦੂਰ ਕਰ ਸਕਦੇ ਹਾਂ ਜੋ ਸਾਨੂੰ ਦੂਜਿਆਂ ਵਿੱਚ ਬ੍ਰਹਮ/ਰੱਬ ਨੂੰ ਸੱਚਮੁੱਚ ਵੇਖਣ ਤੋਂ ਰੋਕਦੇ ਹਨ?
• ਕਿਹੜੇ ਰੋਜ਼ਾਨਾ ਅਭਿਆਸ ਸਾਨੂੰ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਵਾਹਿਗੁਰੂ ਦੀ ਮੌਜੂਦਗੀ ਬਾਰੇ ਨਿਰੰਤਰ/ਲਗਾਤਾਰ/ਸਦਾ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕਰ ਸਕਦੇ ਹਨ?