3. ਪਵਿੱਤਰ ਪੈਂਤੀ ਦੇ ਇਲਾਹੀ ਗਿਆਨ ਦਾ ਪਰਦਾ ਚੁੱਕਦੇ ਹੋਏ (ਭਾਗ ਦੋ)

ਪਵਿੱਤਰ ਅੱਖਰਾਂ ਦੀ ਆਵਾਜ਼ ਅੰਦਰ ਲੁਕੇ ਹੋਏ ਡੂੰਘੇ ਰੂਹਾਨੀ ਸਬਕ ਸਾਨੂੰ ਅੰਤਰਗਤ ਹੋਣ ਦੀ ਸੇਧ ਦਿੰਦੇ ਹੋਏ । ਇਹਨਾਂ ਪਵਿੱਤਰ ਅੱਖਰਾਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਕੋਈ ਜਾਣਕਾਰੀ ਨਹੀਂ ਦੇ ਰਹੇ ਉਹ ਸਾਨੂੰ ਦਾਨਸ਼ਮੰਦੀ ਦੇ ਕੇ ਸਾਨੂੰ ਨਵੇਂ ਨਜ਼ਰੀਏ ਨਾਲ ਆਪਣੇ ਆਪ ਨੂੰ ਅਤੇ ਦੁਨੀਆਂ ਨੂੰ ਵੇਖਣ ਦਾ ਢੰਗ ਦਰਸਾਉਂਦੇ ਹੋਏ ਹਲੀਮੀਆਂ, ਦਇਆ ਅਤੇ ਮੁਹੱਬਤਾਂ ਨਾਲ ਜਿਊਣਾ ਦੱਸ ਰਹੇ ਹਨ ।

‘ਜ’ ਜੋ ਕਿ ਸਾਨੂੰ ਕਈ ਜਨਮਾਂ ਦੀ ਭਟਕਣਾ ਤੋਂ ਬਾਅਦ ਹਲੀਮੀਆਂ ਨਾਲ ਮੰਗਣਾ ਸਿਖਾਉਂਦਾ ਹੈ । ‘ਧ’ ਜਾਹਰ ਕਰਦਾ ਹੈ ਕਿ ਸਾਰਾ ਬ੍ਰਹਮੰਡ ਪਰਮਾਤਮਾ ਦੀ ਤਾਕਤ ਨਾਲ ਖੜ੍ਹਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇਹ ਗੁਰਬਾਣੀ ਦੀਆਂ ਪੰਗਤੀਆਂ ਸਾਨੂੰ ਕਦਮ ਦਰ ਕਦਮ, ਅੱਖਰ ਦਰ ਅੱਖਰ ਪਰਮਾਤਮਾ ਵੱਲ ਮੁੜਨ ਦਾ ਰਾਹ ਦੱਸਦੀਆਂ ਹਨ । ਹੋਰ ਸ਼ਾਨਦਾਰ ਭੇਤਾਂ ਨੂੰ ਜਾਨਣ ਵਾਸਤੇ ਇਹਨਾਂ ਇਲਾਹੀ ਅੱਖਰਾਂ ਨੂੰ ਖੁੱਲੇ ਦਿਲ ਨਾਲ ਪੜੀਏ ਜੀ ।

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ ਜਪੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ 

ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ ॥ ਏਕੋ ਲੇਵੈ ਏਕੋ ਦੇਵੈ ਅਵਰੁ ਨ ਦੂਜਾ ਮੈ ਸੁਣਿਆ ॥੧੧॥

ਮਹਾਰਾਜ ਜੀ ਕਹਿੰਦੇ ‘ਜ’ ਸਾਨੂੰ ਦੱਸਦਾ ਹੈ ਕਿ ਜਨ ਬਣਨਾ ਹੈ। ਜਨ ਬਣਕੇ ਪਰਮੇਸ਼ਰ ਜੀ ਪਾਸੋਂ ਮੰਗਣਾ ਹੈ। ਮੰਗਤੇ ਬਣ ਕੇ, ਭਾਵ ਹਉਮੇ ਰਹਿਤ ਹੋ ਕੇ, ਜਿਥੇ ਜਿਉਦਿਆਂ ਮੌਤ ਹੋ ਜਾਂਦੀ ਹੈ। ਸਤ ਬਚਨ ਹੀ ਕਰੀ ਜਾਣਾ, ਦੁਨੀਆਂ ਵਾਲੇ ਉਸ ਨੂੰ ਪਾਗਲ ਕਹਿਣਗੇ। ਦੁਨੀਆਂ ਵਾਲੇ ਹੱਸਣਗੇ, ਭਗਤਾਂ ਤੇ ਹੱਸਦੇ ਰਹੇ ਹਨ ਤੇ ਹੱਸਦੇ ਰਹਿਣਗੇ। ਸੱਚ ਦੇ ਰਸਤੇ ਤੇ ਚੱਲਣ ਵਾਲਿਆਂ ਨਾਲ ਹਮੇਸ਼ਾਂ ਬਦਸਲੂਕੀ ਹੁੰਦੀ ਰਹੀ ਹੈ। ਮਹਾਰਾਜ ਜੀ ਨੂੰ ਵੀ ਕੁਰਾਹੀਆ ਕਿਹਾ ਸੀ।

ਮਹਾਰਾਜ ਜੀ ਕਹਿੰਦੇ, ਜਨ ਬਣਕੇ ਉਹ ਚੀਜ਼ ਮੰਗਣੀ ਹੈ ਜੋ ਆਪਾਂ ਨੂੰ 84 ਲੱਖ ਜੂਨ ਵਿਚ ਫਿਰ ਕੇ ਨਹੀਂ ਮਿਲੀ ਤੇ ਹੁਣ ਵੇਲਾ ਹੈ ਉਹ ਮੰਗਣ ਦਾ। ਇੱਕ ਹੀ ਸਭ ਕੁੱਝ ਦਿੰਦਾ ਹੈ ਤੇ ਇੱਕ ਹੀ ਵਾਪਸ ਲੈਂਦਾ ਹੈ।

ਅਵਰੁ ਨ ਦੂਜਾ ਮੈ ਸੁਣਿਆ- ਦੇਖੋ ਜੀ ਮਹਾਰਾਜ ਜੀ ਦਾ ਸੁਭਾਅ, ਮਹਾਰਾਜ ਜੀ ਦਾਅਵਾ ਨਹੀਂ ਕਰਦੇ, ਕਹਿੰਦੇ ਅਸਾਂ ਸੁਣਿਆ ਹੈ।

ਝਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ ॥ ਦੇ ਦੇ ਵੇਖੈ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ ਪਇਆ ॥੧੨॥

ਮਹਾਰਾਜ ਜੀ ਕਹਿੰਦੇ ਪ੍ਰਾਣੀ ਨੂੰ ਜੋ ਕੁੱਝ ਚਾਹੀਦਾ ਹੈ, ਉਹ ਦੇ ਰਿਹਾ ਹੈ। ਜੋ ਨਹੀਂ ਦੇ ਰਿਹਾ, ਜਾਣ ਲੈ ਕਿ ਉਹ ਚੀਜ਼ ਤੈਨੂੰ ਚਾਹੀਦੀ ਹੀ ਨਹੀਂ, ਤੂੰ ਗਲਤੀ ਨਾਲ ਮੰਗ ਰਿਹਾਂ ਹੈਂ ਤੇ ਜਿਸ ਜਿਸ ਤਰੀਕੇ ਨਾਲ ਉਸ ਨੇ ਰਿਜ਼ਕ ਦੇਣਾ ਹੈ, ਮੱਥੇ ਤੇ ਲਿਖਿਆ ਹੈ। ਤੂੰ ਐਂਵੇ ਫ਼ਿਕਰ ਕਰਦਾ ਹੈਂ।

ਞੰਞੈ ਨਦਰਿ ਕਰੇ ਜਾ ਦੇਖਾ ਦੂਜਾ ਕੋਈ ਨਾਹੀ ॥ ਏਕੋ ਰਵਿ ਰਹਿਆ ਸਭ ਥਾਈ ਏਕੁ ਵਸਿਆ ਮਨ ਮਾਹੀ ॥੧੩॥

ਕਿ ਜਦੋਂ ਧਿਆਨ ਨਾਲ ਦੇਖੋ (ਧਿਆਨ ਤੋਂ ਭਾਵ ਹੈ ਕਿ ਸ਼ਬਦ ਨਾਲ ਜੁੜ ਕੇ) ਜਦੋਂ ਆਪਾਂ ਸ਼ਬਦ ਨਾਲ ਜੁੜ ਕੇ ਦੇਖਾਂਗੇ ਤਾਂ ਦਿਸੂ ਕਿ ਦੂਸਰਾ ਕੋਈ ਹੈ ਹੀ ਨਹੀਂ, ਬਾਹਰ ਵੀ ਓਹੀ ਵਰਤ ਰਿਹਾ ਹੈ ਅੰਦਰ ਵੀ ਓਹੀ।

ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ ॥ ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ ॥੧੪॥

‘ਟ’ ਆਪਾਂ ਨੂੰ ਦੱਸਦਾ ਹੈ ਕਿ ਵਿਅਰਥ ਸਮਾਂ ਨਹੀਂ ਗਵਾਉਣਾ ਚਾਹੀਦਾ ਤੇ ਨਾ ਹੀ ਵਿਅਰਥ ਕੰਮ ਕਰਨੇ ਚਾਹੀਦੇ ਹਨ। ਗਿਣਤੀ ਮਿਣਤੀ ਦਾ ਸਵਾਸਾਂ ਦਾ ਧਨ ਆਪਾਂ ਨੂੰ ਮਿਲਿਆ ਹੈ ਪਤਾ ਨਹੀਂ ਕਦੋਂ ਖਤਮ ਹੋ ਜਾਣਾ ਹੈ ਤੇ ਆਪਾਂ ਉੱਠ ਤੁਰਨਾ ਹੈ। ਜੀ ਆਪਾਂ ਇਸ ਪਾਸੇ ਲੱਗ ਕੇ ਵੀ ਸੋਚਦੇ ਹਾਂ ਕਿ ਏਨਾਂ ਕੁ ਪਾਠ ਕਰ ਲੈਂਦੇ ਹਾਂ ਅਜੇ ਕਾਫ਼ੀ ਉਮਰ ਪਈ ਹੈ ਤਾਂ ਆਪਾਂ ਜੂਆ ਖੇਡ ਰਹੇ ਹਾਂ। ਮਹਾਰਾਜ ਜੀ ਕਹਿੰਦੇ ਉਹ ਕੰਮ ਕਰੋ ਜਿਸ ਵਿਚ ਜਿੱਤ ਨਿਸਚਿਤ ਹੋਵੇ। ਜੀ ਸਾਧਸੰਗਤ ਵਿਚ ਆ ਕੇ ਸਮਝ ਪੈਂਦੀ ਹੈ ਕਿ ਪਰਮਾਤਮਾ ਦੀ ਸ਼ਰਨ ਵਿਚ ਕਿਸ ਤਰਾਂ ਆਉਣਾ ਹੈ।

ਠਠੈ ਠਾਢਿ ਵਰਤੀ ਤਿਨ ਅੰਤਰਿ ਹਰਿ ਚਰਣੀ ਜਿਨ੍ਹ ਕਾ ਚਿਤੁ ਲਾਗਾ ॥ ਚਿਤੁ ਲਾਗਾ ਸੇਈ ਜਨ ਨਿਸਤਰੇ ਤਉ ਪਰਸਾਦੀ ਸੁਖੁ ਪਾਇਆ ॥੧੫॥

ਮਹਾਰਾਜ ਜੀ ਕਹਿੰਦੇ ਹਿਰਦਾ ਉਨ੍ਹਾਂ ਦਾ ਸ਼ਾਂਤ ਹੈ, ਠੰਡਾ ਹੈ, ਸ਼ੀਤਲ ਹੈ ਜਿਨ੍ਹਾਂ ਦਾ ਚਿੱਤ ਪਰਮੇਸ਼ਰ ਜੀ ਦੇ ਚਰਨਾਂ ਨਾਲ ਜੁੜਿਆ ਹੈ। ਉਹ ਆਪ ਵੀ ਠੰਡੇ ਹਨ ਤੇ ਦੂਸਰਿਆ ਨੂੰ ਵੀ ਠੰਡ ਵਰਤਾਉਂਦੇ ਹਨ। ਮਹਾਰਾਜ ਜੀ ਕਹਿੰਦੇ ਓਹੀ ਤਰਨਗੇ, ਸੁੱਖ ਪਾਉਣਗੇ ਤੇ ਨਿਹਾਲ ਹੋ ਜਾਣਗੇ।

ਡਡੈ ਡੰਫੁ ਕਰਹੁ ਕਿਆ ਪ੍ਰਾਣੀ ਜੋ ਕਿਛੁ ਹੋਆ ਸੁ ਸਭੁ ਚਲਣਾ ॥ ਤਿਸੈ ਸਰੇਵਹੁ ਤਾ ਸੁਖੁ ਪਾਵਹੁ ਸਰਬ ਨਿਰੰਤਰਿ ਰਵਿ ਰਹਿਆ ॥੧੬॥

ਡੰਫੁ ਤੋ ਮਤਲਬ ਹੁੰਦਾ ਹੈ ਦਿਖਾਵਾ। ਮਹਾਰਾਜ ਜੀ ਕਹਿੰਦੇ ਦਿਖਾਵਾ ਕਿਉਂ ਕਰਨਾ ਕਿ ਮੇਰੇ ਕੋਲ ਐਨਾ ਹੈ, ਮੈਂ ਐਨਾ ਵੱਡਾ ਹਾਂ, ਇਹ ਸਭ ਕੁੱਝ ਨੇ ਚਲੇ ਜਾਣਾ ਹੈ। ਕਹਿੰਦੇ ਉਸਦੀ ਸੇਵਾ ਕਰੋ ਜਿਹੜਾ ਸਭ ਵਿੱਚ ਨਿਰੰਤਰ ਰਵਿਆ ਹੋਇਆ ਹੈ। ਏਹੀ ਨਹੀਂ ਆਪਣੇ ਰੋਮ ਰੋਮ ਵਿਚ ਵਸਿਆ ਹੈ। ਜਿਸ ਤਰਾਂ ਆਕਾਸ਼ ਨਿਰੰਤਰ ਹੈ, ਇਸੇ ਤਰਾਂ ਪਰਮੇਸ਼ਰ ਨਿਰੰਤਰ ਵਸਿਆ ਹੈ।

ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ ॥ ਕਰਿ ਕਰਿ ਵੇਖੈ ਹੁਕਮੁ ਚਲਾਏ ਤਿਸੁ ਨਿਸਤਾਰੇ ਜਾ ਕਉ ਨਦਰਿ ਕਰੇ ॥੧੭॥ 

ਮਹਾਰਾਜ ਜੀ ਦੱਸਦੇ ਕਿ ਉਹ ਆਪ ਹੀ ਰਚਦਾ ਹੈ ਤੇ ਆਪ ਹੀ ਢਾਉਂਦਾ ਹੈ। ਓਹੀ ਹੁਕਮ ਕਰਦਾ ਹੈ ਉਸਦੇ ਹੁਕਮ ਵਿਚ ਪ੍ਰਾਣੀ ਚਲਦਾ ਹੈ। ਹੁਕਮ ਉਹ ਐਂਵੇ ਨਹੀਂ ਕਰਦਾ, ਆਪਣੇ ਕਰਮ ਦੇਖ ਕੇ ਹੁਕਮ ਕਰਦਾ ਹੈ ਕਿ ਇਸ ਰੂਹ ਨੂੰ ਇਹ ਦੇਹੀ ਮਿਲੇ ਤੇ ਇਸਦਾ ਇਨ੍ਹਾਂ-ਇਨ੍ਹਾਂ ਪ੍ਰਾਣੀਆ ਨਾਲ ਸੰਜੋਗ ਹੋਵੇ।

ਣਾਣੈ ਰਵਤੁ ਰਹੈ ਘਟ ਅੰਤਰਿ ਹਰਿ ਗੁਣ ਗਾਵੈ ਸੋਈ ॥ ਆਪੇ ਆਪਿ ਮਿਲਾਏ ਕਰਤਾ ਪੁਨਰਪਿ ਜਨਮੁ ਨ ਹੋਈ ॥੧੮॥ 

ਮਹਾਰਾਜ ਜੀ ਕਹਿੰਦੇ ਕਿ ਉਹ ਆਪ ਹੀ ਸਭ ਦੇ ਅੰਦਰ ਵਰਤ ਰਿਹਾ ਹੈ, ਆਪ ਹੀ ਆਪਣੇ ਗੁਣ ਗਾਉਂਦਾ ਹੈ ਤੇ ਆਪ ਹੀ ਜਨਮ ਮਰਨ ਕੱਟ ਕੇ ਆਪਣੇ ਵਿਚ ਮਿਲਾ ਲੈਂਦਾ ਹੈ। ਭਾਵ ਦੋਨੋਂ ਪਾਸੇ ਮਹਾਰਾਜ ਜੀ ਆਪ ਹੀ ਵਰਤਦੇ ਹਨ।

ਤਤੈ ਤਾਰੂ ਭਵਜਲੁ ਹੋਆ ਤਾ ਕਾ ਅੰਤੁ ਨ ਪਾਇਆ ॥ ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ ॥੧੯॥ 

ਕਹਿੰਦੇ ਕਿ ਇਹ ਜਿਹੜਾ ਸੰਸਾਰ ਹੈ ਇਹ ਭਵਜਲ ਹੈ ਤੇ ਇਸਨੂੰ ਤਰ ਕੇ ਲੰਘਣਾ ਪੈਂਦਾ ਹੈ, ਤੁਰਕੇ ਨਹੀਂ ਲੰਘ ਸਕਦੇ। 

ਪੰਕਜੁ ਮੋਹ ਪਗੁ ਨਹੀ ਚਾਲੈ- ਕਹਿੰਦੇ ਜਿਹੜਾ ਤੁਰਨ ਲੱਗੂਗਾ ਉਹ ਚਿੱਕੜ ਵਿਚ ਫਸ ਜਾਊਗਾ। ਸੋ ‘ਤ` ਸਾਨੂੰ ਦੱਸਦਾ ਹੈ ਕਿ ਤਰਨਾ ਹੈ ਤੁਰਨਾ ਨਹੀਂ ਹੈ । ਵਾਹਿਗੁਰੂ ਨਾ ਮੈਨੂੰ ਤਰਨਾ ਆਉਂਦਾ ਹੈ ਨਾ ਮੇਰੇ ਕੋਲ ਚੱਪੂ ਬੇੜੀ ਹੈ, ਮੈਂ ਡੁੱਬ ਰਿਹਾ ਹਾਂ “ਤਾਰਿ ਲੇਹਿ ਤਾਰਣ ਰਾਇਆ" ਤੂੰ ਸ਼ਾਹ ਮਾਲਕ ਮੈਨੂੰ ਤਾਰ ਲੈ ।

ਥਥੈ ਥਾਨਿ ਥਾਨੰਤਰਿ ਸੋਈ ਜਾ ਕਾ ਕੀਆ ਸਭੁ ਹੋਆ ॥ ਕਿਆ ਭਰਮੁ ਕਿਆ ਮਾਇਆ ਕਹੀਐ ਜੋ ਤਿਸੁ ਭਾਵੈ ਸੋਈ ਭਲਾ ॥੨੦॥

ਮਹਾਰਾਜ ਜੀ ਭਾਣੇ ਵਿਚ ਆਉਣ ਲਈ ਕਹਿ ਰਹੇ ਹਨ ਕਿ ਇਹ ਵੀ ਸ਼ਿਕਾਇਤ ਨਹੀਂ ਕਰਨੀ ਕਿ ਤੁਸੀਂ ਮਾਇਆ ਪਾਈ ਹੈ, ਤੁਸੀਂ  ਭਰਮ ਪਾਇਆ ਹੈ। ਇਹ ਕਹਿਣਾ ਕਿ ਮੇਰਾ ਕਿਸੇ ਕੰਮ ਵਿਚ ਕੀ ਕਸੂਰ ਹੈ? ਇਹ ਗਿਲਾ ਹੈ, ਸ਼ਿਕਾਇਤ ਹੈ। ਜੋ ਉਸ ਨੂੰ ਭਾਉਂਦਾ ਹੈ, ਜੋ ਵੀ ਉਹ ਕਰਦਾ ਹੈ ਆਪਣੇ ਅੰਦਰ ਇਹ ਬੈਠ ਜਾਏ ਕਿ ਉਸਦੇ ਵਿੱਚ ਹੀ ਆਪਣਾ ਭਲਾ ਹੈ। ਪਰਮਾਤਮਾ ਆਪਣਾ ਬਾਪ ਹੈ ਉਹ ਭਲੇ ਤੋ ਬਿਨਾਂ ਕੁੱਝ ਕਰਦਾ ਹੀ ਨਹੀਂ।

ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥

ਮਹਾਰਾਜ ਜੀ ਕਹਿੰਦੇ ਇਹ ਮੰਨਣਾ ਹੈ ਕਿ ਦੋਸ਼ ਮੇਰੇ ਹੀ ਕਰਮਾਂ ਦਾ ਹੈ। ਜੋ ਮੈਂ ਕੀਤਾ ਸੀ ਓਹੀ ਪਾਇਆ ਹੈ, ਮੇਰੇ ਹੀ ਕਰਮਾਂ ਦਾ ਫ਼ਲ ਮੈਨੂੰ ਮਿਲ ਰਿਹਾ ਹੈ। ਕਿਸੇ ਹੋਰ ਦਾ ਦੋਸ਼ ਨਹੀਂ ਹੈ।

ਧਧੈ ਧਾਰਿ ਕਲਾ ਜਿਨਿ ਛੋਡੀ ਹਰਿ ਚੀਜੀ ਜਿਨਿ ਰੰਗ ਕੀਆ ॥ ਤਿਸ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮੁ ਪਇਆ ॥੨੨॥

ਧੱਧਾ ਦੱਸਦਾ ਹੈ ਕਿ ਪਰਮੇਸ਼ਰ ਜੀ ਨੇ ਪਹਿਲਾਂ ਆਪਣੇ ਆਪ ਨੂੰ ਫੈਲਾ ਕੇ ਅਕਾਸ਼ ਬਣਾਇਆ, ਅਕਾਸ਼ ਵਿੱਚ ਫਿਰ ਆਪਣੀ ਸਾਰੀ ਸ਼ਕਤੀ ਰੱਖੀ। ਅਕਾਸ਼ ਵਿਚ ਸਾਰੇ ਗ੍ਰਹਿ ,ਧਰਤੀਆਂ, ਚੰਦ, ਸੂਰਜ, ਤਾਰੇ ਆਦਿ ਪੈਦਾ ਕੀਤੇ। ਮਹਾਰਾਜ ਜੀ ਕਹਿੰਦੇ ਅੰਤ ਹੀ ਨਹੀਂ ਕੋਈ, ਤੇ ਇਨ੍ਹਾਂ ਸਾਰਿਆਂ ਨੂੰ ਅਸਮਾਨ ਵਿਚ ਬਿਨਾਂ ਕਿਸੇ ਆਸਰੇ ਦੇ ਖਲ੍ਹਾਰਿਆ। ਕਿਸ ਆਸਰੇ ਨਾਲ? ਆਪਣੀ ਕਲਾ ਨਾਲ। ਧਰਤੀ ਦੇ ਥੱਲੇ ਕੋਈ ਆਸਰਾ ਨਹੀਂ  ਹੈ ! ਹਿੰਦੂ ਮੱਤ ਦਾ ਖਿਆਲ ਹੈ ਕਿ ਧਰਤੀ ਬੌਲਦ ਦੇ ਸਿੰਗ ਤੇ ਖਲੋਤੀ ਹੈ ਤੇ ਮਹਾਰਾਜ ਜੀ ਕਹਿੰਦੇ ਫਿਰ ਬੌਲਦ ਕਿਸ ਦੇ ਸਹਾਰੇ ਖੜ੍ਹਾ ਹੈ?

ਤਿਸ ਤੇ ਭਾਰੂ ਤਲੈ ਕਵਣੁ ਜੋਰੁ
ਸੋ ਸਾਰਾ ਬ੍ਰਹਿਮੰਡ ਪਰਮਾਤਮਾ ਦੀ ਸ਼ਕਤੀ ਨਾਲ ਖੜ੍ਹਾ ਹੈ।

ਤਿਸ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮੁ ਪਇਆ
ਤੇ ਹਰ ਚੀਜ਼ ਵਿਚ ਉਹਦਾ ਆਪਣਾ ਹੀ ਰੰਗ ਹੈ, ਆਪ ਹੀ ਵਰਤ ਰਿਹਾ ਹੈ। ਜੋ ਕੁਝ ਵੀ ਆਪਾਂ ਨੂੰ ਮਿਲਦਾ ਹੈ ਓਹੀ ਦਿੰਦਾ ਹੈ, ਤੇ ਆਪਣੇ ਕਰਮ ਦੇਖਕੇ ਉਹ ਹੁਕਮ ਕਰਦਾ ਹੈ ਕਿ ਕਿਸ ਪ੍ਰਾਣੀ ਨੂੰ ਕਿਸ ਰਸਤੇ ਤੇ ਪਾਉਣਾ ਹੈ।

ਨੰਨੈ ਨਾਹ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਮ੍ਹਲਿਆ ॥ ਗਲੀ ਹਉ ਸੋਹਾਗਣਿ ਭੈਣੇ ਕੰਤੁ ਨ ਕਬਹੂੰ ਮੈ ਮਿਲਿਆ ॥੨੩॥

 ‘ਨ’ ਸ਼ਬਦ ਕਹਿੰਦਾ ਹੈ ਕਿ ਉਹ ਸੁਹਾਗਣਾਂ ਨੂੰ ਮਿਲਦਾ ਹੈ। ਜਿਸ ਨੇ ਕਦੇ ਸਿਮਰਿਆ ਨਹੀਂ, ਕਦੇ ਦਰਸ਼ਨ ਨਹੀਂ ਕੀਤਾ, ਸਿਰਫ ਗੱਲਾਂ ਨਾਲ ਹੀ ਸਮਝਦੀ ਰਹੀ ਕੇ ਉਸ ਦੀ ਸੁਹਾਗਣ ਹਾਂ। ਮਹਾਰਾਜ ਜੀ ਕਹਿੰਦੇ ਸੱਚੀ ਮੁੱਚੀ ਦੀ ਸੁਹਾਗਣ ਬਣਨਾ ਹੈ, ਗੱਲਾਂ ਵਾਲੀ ਨਹੀਂ। (ਦੇਖੋ ਜੀ ਆਪਣਾ ਬਾਪ ਕਿੱਦਾਂ-ਕਿੱਦਾਂ ਸਮਝਾਉਂਦਾ ਹੈ ਕਿ ਕੀ ਕਰਨਾ ਹੈ, ਕੀ ਨਹੀਂ ਕਰਨਾ।)

ਪਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪਰਪੰਚੁ ਕੀਆ ॥ ਦੇਖੈ ਬੂਝੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੨੪॥ 

ਪਰਪੰਚ (ਪੰਜਾਂ ਤੱਤਾਂ ਨੂੰ ਮਿਲਾ ਕੇ ਜੋ ਇਹ ਸਾਰੀ ਸ੍ਰਿਸ਼ਟੀ ਸਾਜੀ ਹੈ।) ਕਹਿੰਦੇ ਪਾਤਿਸ਼ਾਹ ਪਰਮੇਸ਼ਰ ਨੇ ਆਪਣੇ ਆਪ ਨੂੰ ਦੇਖਣ ਲਈ ਇਹ ਸਾਰਾ ਪਰਪੰਚ ਰਚਿਆ ਹੈ। ਅੰਦਰੋਂ ਵੀ ਦੇਖਦਾ ਹੈ ਬਾਹਰੋਂ ਵੀ, ਅੰਦਰੋਂ ਵੀ ਬੁੱਝਦਾ ਹੈ ਤੇ ਬਾਹਰੋਂ ਵੀ।

ਫਫੈ ਫਾਹੀ ਸਭੁ ਜਗੁ ਫਾਸਾ ਜਮ ਕੈ ਸੰਗਲਿ ਬੰਧਿ ਲਇਆ ॥ ਗੁਰ ਪਰਸਾਦੀ ਸੇ ਨਰ ਉਬਰੇ ਜਿ ਹਰਿ ਸਰਣਾਗਤਿ ਭਜਿ ਪਇਆ ॥੨੫॥ 

ਮਹਾਰਾਜ ਜੀ ਕਹਿੰਦੇ ਸਾਰਾ ਸੰਸਾਰ ਹੀ ਮੋਹ ਦੇ ਜਾਲ ਵਿਚ ਫਸਿਆ ਹੋਇਆ ਹੈ। ਪਰ ਜੀਹਨੂੰ ਅੰਦਰੋਂ ਇਨ੍ਹਾਂ ਡਰ ਲੱਗੂ ਕਿ ਚੁਰਾਸੀ ਵਿਚ ਜਾਣਾ ਪੈਣਾ ਹੈ, ਉਹ ਭੱਜ ਕੇ ਪਰਮਾਤਮਾ ਦੀ ਸ਼ਰਨੀ ਜਾ ਪਵੇਗਾ। ਜੀਹਨੂੰ ਅੰਦਰੋਂ ਡਰ ਨਹੀਂ, ਉਹ ਨਹੀਂ ਜਾ ਸਕਦਾ। ਫਿਰ ਕਹਿੰਦੇ ਡਰ ਕੀਹਨੂੰ ਲੱਗਣਾ? ਜੀਹਦੇ ਤੇ ਮਿਹਰ ਹੋਈ। ਸੋ ਜੀ ਜਿਹਨਾਂ ਨੂੰ ਅਜੇ ਅੰਮ੍ਰਿਤ ਦੀ ਦਾਤ ਨਹੀਂ ਮਿਲੀ, ਹੁਣੇ ਫੈਸਲਾ ਲੈਣਾ ਹੈ। ਸੋਚਣਾ ਨਹੀਂ ਕਿ ਕੱਲ ਨੂੰ, ਪਰਸੋਂ ਨੂੰ ਜਾਂ ਅਗਲੇ ਸਾਲ। ਮਹਾਰਾਜ ਜੀ ਕਹਿੰਦੇ ਇਸ ਕੰਮ ਲਈ ਤੁਰ ਕੇ ਨਹੀਂ ਭੱਜ ਕੇ ਜਾਣਾ ਹੈ।

ਬਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜੁਗਾ || ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ ਆਪਿ ਲਗਾ ॥੨੬॥

‘ਬ’ ਦੱਸਦਾ ਹੈ ਕਿ ਇਹ ਖ਼ੇਡ ਉਹ ਆਪ ਖ਼ੇਡ ਰਿਹਾ ਹੈ। ਸਾਰਾ ਸੰਸਾਰ ਉਸ ਨੇ ਪੰਜਾਂ ਤੱਤਾਂ ਨਾਲ ਰਚਿਆ ਹੈ ਤੇ ਖਿਡਾ ਰਿਹਾ ਹੈ। 

ਖ਼ੇਡ ਕੀ ਹੈ? (ਅਸੀਂ ਬਚਪਨ ਵਿਚ ਦੇਖਿਆ ਹੈ ਪੁਰਾਣੇ ਲੋਕ ਖੇਡਦੇ ਹੁੰਦੇ ਸਨ। ਰੈਡਕਰਾਸ ਦੇ ਸਾਈਨ ਵਰਗਾ ਕੱਪੜਾ ਹੁੰਦਾ ਸੀ, ਉਹਦੇ ਚਾਰ ਪੱਲੇ ਹੁੰਦੇ ਸਨ ਤੇ ਦੋ ਗੀਟੀਆਂ ਹੁੰਦੀਆਂ ਸਨ। ਗੀਟੀਆਂ ਦੇ ਉੱਪਰ ਦੋ, ਚਾਰ ਤੇ ਛੇ ਦੇ ਨਿਸ਼ਾਨ ਬਣੇ ਹੁੰਦੇ ਸਨ। ਉਹਨਾਂ ਗੀਟੀਆਂ ਨੂੰ ਇਕੱਠਿਆਂ ਸੁੱਟਿਆ ਜਾਂਦਾ ਸੀ, ਜਿੰਨੇ ਨੰਬਰ ਆਉਣੇ ਨਰਦ ਨੇ ਓਨੇ ਘਰ ਚੱਲਣੇ। ਜਿਹੜੀ ਨਰਦ ਵਿਚਕਾਰ ਆ ਜਾਂਦੀ ਸੀ ਉਹ ਪੁੱਗ ਜਾਂਦੀ ਬਾਕੀ ਚੌਹਾਂ ਪੱਲਿਆਂ ਵਿਚ ਘੁੰਮਦੀਆਂ ਰਹਿੰਦੀਆਂ।) ਸੋ ਮਹਾਰਾਜ ਜੀ ਕਹਿੰਦੇ ਜਿਹੜਾ ਨਾਮ ਜਪ ਕੇ ਵਿਚਕਾਰ ਧੁਰੇ ਨਾਲ ਲੱਗ ਜਾਊ ਉਹ ਪਾਰ ਹੋ ਜਾਊ ਬਾਕੀ ਚੌਰਾਸੀ ਲੱਖ ਜੂਨ ਵਿਚ ਘੁੰਮਣਗੇ।

  • - ਮੇਰੇ ਲਈ ਨਿੱਜੀ ਤੌਰ ਤੇ ਜਨ - ਪਰਮਾਤਮਾ ਦਾ ਨਿਮਾਣਾ ਸੇਵਕ ਬਣਨ ਤੋਂ ਕੀ ਮਤਲਬ ਹੈ ?

    - ⁠ਕੀ ਮੈਨੂੰ ਜ਼ਿੰਦਗੀ ਵਿੱਚ ਅਜੇ ਵੀ ਵਿਖਾਵਾ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ ? ਬਾਹਰੀ ਭੇਸਾਂ ਤੋਂ ਆਜ਼ਾਦ ਹੋ ਕੇ ਆਪਣੇ ਪੂਰਨ ਅਸਲੀ ਆਪੇ ਵਿੱਚ ਜਿਊਣਾ, ਸਿਰਫ ਇੱਕ ਦੀ ਹੀ ਸੇਵਾ ਕਰਨ ਤੋਂ ਕੀ ਭਾਵ ਹੈ ?

    - ⁠ਕਿਹੜੇ ਅਧਿਆਤਮਿਕ ਵਾਅਦੇ ਜਾਂ ਕੰਮ ਮੈਂ ਕੱਲ ਤੇ ਪਾਉਦਾ ਹਾਂ ? ਕੀ ਮੈਂ ਕਿਤੇ ਆਪਣੀ ਹੀ ਰੂਹ ਦੀ ਯਾਤਰਾ ਨਾਲ ਜੂਆ ਤੇ ਨਹੀਂ ਖੇਡ ਰਿਹਾ ?

    - ਕੀ ਮੇਰੀ ਅੰਦਰੂਨੀ ਅਵਸਥਾ ਸ਼ੀਤਲ ਅਤੇ ਸ਼ਾਂਤਮਈ ਹੈ ਜਾਂ ਫਿਰ ਅਸ਼ਾਂਤ ਅਤੇ ਬੇਆਰਾਮ ਹੈ ? ਮੈਂ ਸ਼ੀਤਲ ਅਤੇ ਸ਼ਾਂਤਮਈ ਕਿਸ ਤਰ੍ਹਾਂ ਹੋ ਸਕਦਾ ਹਾਂ ?

 
Next
Next

2. ਪਵਿੱਤਰ ਪੈਂਤੀ ਦੇ ਇਲਾਹੀ ਗਿਆਨ ਦਾ ਪਰਦਾ ਚੁੱਕਦੇ ਹੋਏ (ਭਾਗ ਇਕ)